ਗੁਰਨਾਮ ਸਿੰਘ ਅਕੀਦਾ
ਪਟਿਆਲਾ, 31 ਦਸੰਬਰ
ਸ਼ਾਹੀ ਸ਼ਹਿਰ ਪਟਿਆਲਾ ਦੇ ਵਾਸੀਆਂ ਨੂੰ ਨਵੇਂ ਸਾਲ ’ਚ 23 ਨੰਬਰ ਰੇਲਵੇ ਫਾਟਕ ’ਤੇ ਨਵਾਂ ਅੰਡਰਬ੍ਰਿਜ ਮਿਲਣ ਜਾ ਰਿਹਾ ਹੈ। ਇਸ ਨੂੰ ਲੈ ਕੇ ਸਾਰੀ ਪ੍ਰਕ੍ਰਿਆ ਪੂਰੀ ਕਰ ਲਈ ਗਈ ਹੈ, ਰੇਲਵੇ ਦੇ ਉੱਚ ਅਧਿਕਾਰੀ ਡੀਆਰਐੱਮ ਨੇ ਇਸ ਸਬੰਧੀ ਸਰਵੇ ਕਰਵਾ ਲਿਆ ਹੈ ਤੇ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਤੇ ਡੀ ਸੀ ਕੁਮਾਰ ਅਮਿਤ ਨਾਲ ਵੀ ਸਹਿਮਤੀ ਬਣਾ ਲਈ ਗਈ ਹੈ, ਇਸ ਅੰਡਰ ਬ੍ਰਿਜ ਨੂੰ ਲੈ ਕੇ ਰੇਲਵੇ ਦੀ ਇੰਜਨੀਅਰਿੰਗ ਟੀਮ ਸਰਵੇ ਦਾ ਕੰਮ ਪੂਰਾ ਕਰਨ ਤੋਂ ਬਾਅਦ ਸੰਭਾਵੀ ਖ਼ਰਚ ਦਾ ਵੇਰਵਾ ਆਪਣੇ ਉੱਚ ਅਧਿਕਾਰੀਆਂ ਨੂੰ ਭੇਜ ਚੁੱਕੀ ਹੈ। ਸ਼ਹਿਰ ਦੇ ਕਰੀਬ ਢਾਈ ਲੱਖ ਲੋਕਾਂ ਨੂੰ ਲਾਭ ਪਹੁੰਚਾਉਣ ਵਾਲੇ ਇਸ ਅੰਡਰਬ੍ਰਿਜ ਨੂੰ ਤਿਆਰ ਕਰਨ ਦਾ ਮਾਮਲਾ ਅੱਗੇ ਵਧਾਉਣ ਲਈ ਮੇਅਰ ਸੰਜੀਵ ਸ਼ਰਮਾ ਤੇ ਡੀਸੀ ਕੁਮਾਰ ਅਮਿਤ ਨੇ 23 ਨੰਬਰ ਫਾਟਕ ਦੇ ਕੋਲ ਮੌਕੇ ਦਾ ਜਾਇਜ਼ਾ ਲਿਆ। ਪਟਿਆਲਾ ਦੇ ਰੇਲਵੇ ਇੰਜਨੀਅਰ ਕੁਲਦੀਪ ਸਿੰਘ, ਰਾਜਪੁਰਾ ਬਠਿੰਡਾ ਰੇਲ ਲਾਈਨ ਦੇ ਮੁਖੀ ਅਸ਼ੋਕ ਕੁਮਾਰ ਤੇ ਪ੍ਰਾਜੈਕਟ ਮੁਖੀ ਪਵਨ ਗਰਗ ਰੇਲਵੇ ਅੰਡਰਬ੍ਰਿਜ ਦੇ ਕੰਮ ਨੂੰ ਜਲਦ ਸ਼ੁਰੂ ਹੋਣ ਦਾ ਦਾਅਵਾ ਕਰ ਰਹੇ ਹਨ। ਮੇਅਰ ਸੰਜੀਵ ਸ਼ਰਮਾ ਬਿੱਟੂ ਦਾ ਕਹਿਣਾ ਹੈ ਕਿ ਵਪਾਰਕ, ਸਿੱਖਿਆ, ਸਮਾਜਿਕ ਤੇ ਟਰੈਫ਼ਿਕ ਪ੍ਰਬੰਧਾਂ ਦੇ ਲਿਹਾਜ਼ ਨਾਲ 22 ਤੇ 23 ਨੰਬਰ ਫਾਟਕ ਵਿਚਾਲੇ ਤਿਆਰ ਕੀਤਾ ਜਾਣ ਵਾਲਾ ਅੰਡਰਬ੍ਰਿਜ ਲਾਭਦਾਇਕ ਸਿੱਧ ਹੋਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਲੋਕ ਸਭਾ ਮੈਂਬਰ ਪ੍ਰਨੀਤ ਕੌਰ ਤੇ ਬੀਬਾ ਜੈਇੰਦਰ ਕੌਰ ਖ਼ੁਦ ਇਸ ਰੇਲਵੇ ਅੰਡਰਬ੍ਰਿਜ ਨੂੰ ਤਿਆਰ ਕਰਨ ਲਈ ਉਤਸ਼ਾਹਿਤ ਹਨ। ਵਿਦੇਸ਼ ਰਾਜ ਮੰਤਰੀ ਦੇ ਅਹੁਦੇ ’ਤੇ ਰਹਿੰਦੇ ਹੋਏ ਪ੍ਰਨੀਤ ਕੌਰ ਖ਼ੁਦ ਇਸ ਅੰਡਰਬ੍ਰਿਜ ਨੂੰ ਤਿਆਰ ਕਰਵਾਉਣ ਲਈ ਰੇਲਵੇ ਵਿਭਾਗ ਤੋਂ ਮਨਜ਼ੂਰੀ ਹਾਸਲ ਕਰਕੇ ਫਾਈਲ ਨੂੰ ਸਰਵੇ ਲਈ ਅੱਗੇ ਵਧਾਇਆ ਸੀ। ਸ਼ਹਿਰ ਦੇ ਦੋ ਹਿੱਸਿਆਂ ਵਿਚ ਵੰਡਣ ਵਾਲੀ ਰੇਲਵੇ ਲਾਈਨ ‘ਤੇ ਅੰਡਰਬ੍ਰਿਜ ਤਿਆਰ ਕੀਤੇ ਜਾਣ ਨਾਲ 22 ਨੰਬਰ ਪੁਲ ਤੇ 23 ਨੰਬਰ ਫਾਟਕ ‘ਤੇ ਟਰੈਫ਼ਿਕ ਦਾ ਦਬਾਅ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗਾ। ਮੇਅਰ ਸੰਜੀਵ ਸ਼ਰਮਾ ਤੇ ਨਿਗਮ ਕਮਿਸ਼ਨਰ ਪੂਨਮਦੀਪ ਕੌਰ 10 ਅਕਤੂਬਰ ਨੂੰ ਇਸ ਜਗ੍ਹਾ ਦਾ ਦੌਰਾ ਕਰਕੇ ਟਰੈਫ਼ਿਕ ਸਮੱਸਿਆ ਨੂੰ ਸੁਲਝਾਉਣ ਸਬੰਧੀ ਚਰਚਾ ਕਰ ਚੁੱਕੇ ਹਨ।
ਇਨ੍ਹਾਂ ਇਲਾਕਿਆਂ ਨੂੰ ਮਿਲੇਗਾ ਲਾਭ
ਮਾਡਲ ਟਾਊਨ, ਬਚਿੱਤਰ ਨਗਰ, ਗੋਬਿੰਦ ਨਗਰ, ਰਘਵੀਰ ਨਗਰ, ਮਜੀਠੀਆ ਇਨਕਲੇਵ, ਪਾਵਰ ਕਾਲੋਨੀ 1 ਤੇ 2, ਸੈਂਚੁਰੀ ਇਨਕਲੇਵ, ਗੁਰਦਰਸ਼ਨ ਨਗਰ, ਪ੍ਰਤਾਪ ਨਗਰ, ਕਾਕਾ ਕਾਲੋਨੀ, ਇੰਜੀਨੀਅਰ ਇਨਕਲੇਵ, ਅਜੀਤ ਨਗਰ, ਹੀਰਾ ਨਗਰ, ਬੈਂਕ ਕਾਲੋਨੀ, ਖ਼ਾਲਸਾ ਕਾਲੋਨੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ, ਜੋਗਿੰਦਰ ਨਗਰ, ਬਡੂੰਗਰ, ਪੀਆਰਟੀਸੀ ਕਾਲੋਨੀ, ਪਾਵਰ ਕਾਮ ਸ਼ੈੱਡ, ਯਾਦਵਿੰਦਰਾ ਇਨਕਲੇਵ, ਸ਼ਮਸ਼ਾਨਘਾਟ ਸਮੇਤ ਹੋਰ ਇਲਾਕਾ ਵਾਸੀਆਂ ਨੂੰ ਇਸ ਅੰਡਰ ਬ੍ਰਿਜ ਦਾ ਲਾਭ ਮਿਲੇਗਾ।