ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਫਰਵਰੀ
ਵਿਧਾਨ ਸਭਾ ਦੀਆਂ ਚੋਣਾਂ ਲਈ ਇਸ ਵਾਰ ਚੋਣ ਕਮਿਸ਼ਨ ਵੱਲੋਂ 40 ਲੱਖ ਰੁਪਏ ਦਾ ਖਰਚਾ ਨਿਰਧਾਰਤ ਕੀਤਾ ਗਿਆ ਸੀ। ਭਾਵੇਂ ਪਟਿਆਲਾ ਜ਼ਿਲ੍ਹੇ ਦੇ ਸਮੂਹ ਅੱਠ ਹਲਕਿਆਂ ਵਿੱਚੋਂ ਸਿਰਫ਼ ਇੱਕ ਪਟਿਆਲਾ ਸ਼ਹਿਰੀ ਹਲਕੇ ਦੇ ਵੇਰਵੇ ਅਜੇ ਨਹੀਂ ਪ੍ਰਾਪਤ ਹੋ ਸਕੇ ਪਰ ਬਾਕੀ ਸੱਤ ਹਲਕਿਆਂ ਵਿੱਚੋਂ ਸਭ ਤੋਂ ਵੱਧ ਖਰਚਾ ਪਟਿਆਲਾ ਦਿਹਾਤੀ ਹਲਕੇ ਦੇ ਕਾਂਗਰਸੀ ਉਮੀਦਵਾਰ ਮੋਹਿਤ ਮਹਿੰਦਰਾ ਨੇ ਕੀਤਾ ਹੈ। ਉਸ ਨੇ 23.95 ਲੱਖ ਰੁਪਏ ਖਰਚੇ ਹਨ। ਸਭ ਤੋਂ ਘੱਟ 14200 ਰੁਪਏ ਖਰਚਾ ਆਜ਼ਾਦ ਉਮੀਦਵਾਰ ਦਲਬੀਰ ਸਿੰਘ ਨੇ ਕੀਤਾ ਹੈ। ਇਸੇ ਤਰ੍ਹਾਂ ਬਹੁ-ਚਰਿਚਤ ਰਹੇ ਹਲਕਾ ਘਨੌਰ ’ਚ ਸਭ ਤੋਂ ਵੱਧ ਖਰਚਾ ਕਰਨ ਵਾਲੇ ਕਾਂਗਰਸ ਉਮੀਦਵਾਰ ਮਦਨ ਲਾਲ ਜਲਾਲਪੁਰ ਹਨ। ਜਿਨ੍ਹਾਂ ਨੇ 22.53 ਲੱਖ ਰੁਪਏ ਖਰਚ ਕੀਤੇ ਹਨ। ਘਨੌਰ ’ਚਆਜ਼ਾਦ ਊਮੀਦਵਾਰ ਅਮਰੀਤ ਸਿੰਘ ਨੇ ਸਭ ਤੋਂ ਘੱਟ 31,500 ਰੁਪਏ ਖਰਚ ਕੀਤੇ ਹਨ। ਉਧਰ ਰਾਜਪੁਰਾ ’ਚ ਕਾਂਗਰਸ ਉਮੀਦਵਾਰ ਹਰਦਿਆਲ ਕੰਬੋਜ ਨੇ ਸਭ ਤੋਂ ਵੱਧ 22.50 ਲੱਖ ਰੁਪਏ ਖਰਚ ਕੀਤੇ ਹਨ। ਜਦੋਂਕਿ ਇਥੇ ਸਭ ਤੋਂ ਘੱਟ ਖਰਚ ਕਰਨ ਵਾਲਾ ਉਮੀਦਵਾਰ ਪ੍ਰਵੀਨ ਕੁਮਾਰ ਹੈ। ਜਿਸ ਨੇ ਸਿਰਫ਼ 12 ਹਜ਼ਾਰ ਰੁਪਏ ਨਾਲ ਹੀ ਸਾਰੀ ਚੋਣ ਲੜੀ ਹੈ। ਉਹ ਆਜ਼ਾਦ ਉਮੀਦਵਾਰ ਹੈ। ਉਧਰ, ਸਮਾਣਾ ਹਲਕੇ ’ਚ ਸਭ ਤੋਂ ਵੱਧ ਖਰਚ ਕਰਨ ਵਾਲਾ ਚੇਤਨ ਸਿੰਘ ਜੋੜਾਮਾਜਰਾ ‘ਆਪ’ ਦਾ ਉਮੀਦਵਾਰ ਹੈ। ਜਿਸ ਨੇ 19.45 ਲੱਖ ਰੁਪਹੇ ਨਾਲ ਆਪਣੀ ਸਮੁੱੱਚੀ ਚੋਣ ਲੜੀ। ਸਮਾਣਾ ’ਚ ਪੂਨਮ ਰਾਣੀ ਸਭ ਤੋਂ ਘੱਟ ਖਰਚ (29 ਹਜ਼ਾਰ 26 ਰੁਪਏ) ਕਰਨ ਵਾਲੀ ਉਮੀਦਵਾਰ ਹੈ। ਰਾਵਖੇਂ ਹਲਕੇ ਨਾਭਾ ’ਚੋਂ ਕਾਂਗਰਸ ਦੇ ਉਮੀਦਵਾਰ ਸਾਧੂ ਸਿੰਘ ਧਰਮਸੋਤ ਨੇ ਸਭ ਤੋਂ ਵੱਧ (19.15 ਲੱਖ ਰੁਪਏ) ਖਰਚ ਕੀਤੇ। ਨਾਭਾ ’ਚ ਸਭ ਤੋਂ ਘੱਟ ਖਰਚ ਕਰਨ ਵਾਲਾ ਸਮਾਜਵਾਦੀ ਪਾਰਟੀ ਦਾ ਸਿਮਰਨਜੀਤ ਸਿੰਘ ਹੈ, ਜਿਸ ਨੇ ਸਿਰਫ਼ 84910 ਰੁਪਏ ਦਾ ਖਰਚਾ ਕੀਤਾ ਹੈ।
ਸਨੌਰ ਹਲਕੇ ’ਚ ਸਭ ਤੋਂ ਵੱਧ ਖਰਚਾ ਕਰਨ ਵਾਲਾ ਉਮੀਦਵਾਰ ਬਿਕਰਮਜੀਤਇੰਦਰ ਸਿੰਘ ਚਹਿਲ ਹੈ। ਜਿਸਨੇ ਆਪਣੀ ਚੋਣ ’ਤੇ 18.586 ਲੱਖ ਰੁਪਏ ਖਰਚ ਕੀਤੇ ਹਨ। ਸਨੌਰ ’ਚ ਹੀ ਸਭ ਤੋਂ ਘੱਟ ਖਰਚ ਕਰਨਾ ਵਾਲਾ ਸੁਰਿੰਦਰ ਸਿੰਘ ਆਜ਼ਾਦ ਉਮੀਦਵਾਰ ਹੈ। ਜਿਸ ਨੇ 15500 ਰੁਪਏ ਖਰਚ ਕੀਤੇ ਹਨ। ਉਧਰ, ਰਾਖਵਾਂ ਹਲਕੇ ਸ਼ੁਤਰਾਣਾ ’ਚ ਅਕਾਲੀ ਉਮੀਦਵਾਰ ਵਨਿੰਦਰ ਕੌਰ ਲੂੰਬਾ ਨੇ ਸਭ ਤੋਂ ਵੱਧ (14.59 ਲੱਖ ਰੁਪਏ) ਨਾਲ ਆਪਣੀ ਸਮੁੱਚੀ ਚੋਣ ਲੜੀ। ਸ਼ੁਤਰਾਣਾ ਹਲਕੇ ’ਚ ਸਭ ਤੋਂ ਘੱਟ ਖਰਚਾ ਕਰਨ ਵਾਲਾ ਆਜ਼ਾਦ ਉਮੀਦਵਾਰ ਗੁਰਧਿਆਨ ਸਿੰਘ ਹੈ ਜਿਸ ਨੇ ਸਿਰਫ 80644 ਰੁਪਏੇ ਕੀਤੇ। ਇਨ੍ਹਾਂ ਤੱਥਾਂ ਦੀ ਖਰਚਾ ਨਿਗਰਾਨ ਅਫਸਰ ਈਸ਼ਾ ਸਿੰਗਲ ਨੇ ਪੁਸ਼ਟੀ ਕੀਤੀ ਹੈ। ਜਿਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਉਨ੍ਹਾਂ ਕੋਲ ਅਜੇ ਪਟਿਆਲਾ ਸ਼ਹਿਰੀ ਹਲਕੇ ਦੇ ਵੇਰਵੇ ਮੁਕੰਮਲ ਰੂਪ ਵਿੱਚ ਨਹੀਂ ਹਨ।