ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਜੂਨ
ਕਾਂਗਰਸ ਦੇ ਸੀਨੀਅਰ ਆਗੂ ਮਨੀਸ਼ ਤਿਵਾੜੀ ਨੇ ਅੱਜ ਇਥੇ ਕੇਂਦਰੀ ਜੇਲ੍ਹ ਵਿੱਚ ਪਾਰਟੀ ਦੇ ਨੇਤਾ ਨਵਜੋਤ ਸਿੰਘ ਸਿੱਧੂ ਦੇ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਕਰੀਬ ਪੌਣਾ ਘੰਟਾ ਚੱਲੀ। ਇਸ ਤੋਂ ਬਾਅਦ ਜੇਲ੍ਹ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ’ ਮਨੀਸ਼ ਤਿਵਾੜੀ ਨੇ ਭਾਵੇਂ ਰਾਜਸੀ ਤੌਰ ‘ਤੇ ਤਾਂ ਕੋਈ ਗੱਲ ਕਰਨ ਤੋਂ ਟਾਲਾ ਹੀ ਵੱਟਿਆ ਪਰ ਉਨ੍ਹਾਂ ਕਿਹਾ ਕਿ ਮੁਸ਼ਕਲ ਕਿਸੇ ਵੀ ਇਨਸਾਨ ‘ਤੇ ਆ ਸਕਦੀ ਹੈ ਤੇ ਮੁਸ਼ਕਲ ਦੀ ਘੜੀ ਆਪਣੇ ਸਾਥੀਆਂ ਦੇ ਨਾਲ ਖੜ੍ਹਨਾ ਹਰੇਕ ਇਨਸਾਨ ਦਾ ਮੁੱਢਲਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਉਨ੍ਹਾਂ ਦੇ ਪੁਰਾਣੇ ਸਾਥੀ ਹਨ ਤੇ ਉਹ ਪਾਰਟੀ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ। ਉਹ ਅੱਜ ਸਿਰਫ ਉਨ੍ਹਾਂ ਦਾ ਹਾਲ ਪੁੱਛਣ ਲਈ ਇਥੇ ਆਏ ਸਨ।