ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਅਕਤੂਬਰ
ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖਰੀਦ ਦਸ ਦਿਨ ਅੱਗੇ ਪਾਉਣ ਦੇ ਰੋਸ ਵਜੋਂ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪਟਿਆਲਾ ਜ਼ਿਲ੍ਹੇ ‘ਚ ਵੱਖ ਵੱਖ ਥਾਵਾਂ ‘ਤੇ ਪ੍ਰਦਰਸ਼ਨ ਕੀਤੇ ਗਏ। ਇਸ ਦੌਰਾਨ ਹੀ ਕਿਸਾਨਾਂ ਦਾ ਕਾਫ਼ਲਾ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਕੋਠੀ ਅੱਗੇ ਪ੍ਰਦਰਸ਼ਨ ਕੀਤਾ। ਕਿਸਾਨਾਂ ਦਾ ਇਹ ਪ੍ਰਦਰਸ਼ਨ ਕੇਂਦਰ ਸਰਕਾਰ ਦੇ ਖ਼ਿਲਾਫ਼ ਹੈ ਪਰ ਉਹ ਪੰਜਾਬ ਸਰਕਾਰ ‘ਤੇ ਵੀ ਕੇਂਦਰ ਸਰਕਾਰ ਨਾਲ ਮਿਲੇ ਹੋਣ ਦੇ ਦੋਸ਼ ਲਗਾ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਝੋਨੇ ਦੀ ਖਰੀਦ ਜਲਦੀ ਸ਼ੁਰੂ ਕਰਾਈ ਜਾਵੇ ਤਾਂ ਜੋ ਕਿਸਾਨਾਂ ਦੀ ਫਸਲ ਖ਼ਰਾਬ ਹੋਣ ਤੋਂ ਬਚਾਈ ਜਾ ਸਕੇ। ਇਸ ਮੌਕੇ ‘ਤੇ ਪੁੱਜੀ ਪੁਲੀਸ ਫੋਰਸ ਦੀ ਅਗਵਾਈ ਐੱਸਪੀ ਕੇਸਰ ਸਿੰਘ ਧਾਲੀਵਾਲ ਕਰ ਰਹੇ ਸਨ, ਜਦਕਿ ਥਾਣਾ ਸਿਵਲ ਲਾਈਨ ਦੇ ਐੱਸਐੱਚਓ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ, ਥਾਣਾ ਜੁਲਕਾਂ ਦੇ ਐੱਸਐੰਚਓ ਪ੍ਰਦੀਪ ਸਿੰਘ ਬਾਜਵਾ ਸਮੇਤ ਕਈ ਹੋਰ ਥਾਣਿਆਂ ਦੇ ਮੁਖੀ ਵੀ ਇੱਥੇ ਮੌਜੂਦ ਸਨ। ਕਿਸਾਨਾਂ ਦੀ ਅਗਵਾਈ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਧੰਨਾ ਅਤੇ ਹੋਰ ਆਗੂ ਕਰ ਰਹੇ ਹਨ। ਇਸ ਧਰਨੇ ਵਿਚ ਦੌਣ ਕਲਾਂ ਅਤੇ ਹੋਰ ਆਸੇ ਪਾਸੇ ਦੀਆਂ ਕਿਸਾਨ ਬੀਬੀਆਂ ਵੀ ਸ਼ਾਮਲ ਹਨ।