ਗੁਰਨਾਮ ਸਿੰਘ ਅਕੀਦਾ
ਪਟਿਆਲਾ, 17 ਫਰਵਰੀ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਬਜ਼ੁਰਗ ਹੋਏ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਵਿਚੋਂ ਸਿਆਸੀ ਪਾਰੀ ਸਮਾਪਤ ਹੋ ਚੁੱਕੀ ਹੈ, ਸਾਢੇ ਚਾਰ ਸਾਲ ਪੰਜਾਬ ਦੇ ਲੋਕ ਮੁੱਦਿਆਂ ਤੋਂ ਮੂੰਹ ਫੇਰ ਕੇ ਬੈਠੇ ਅਮਰਿੰਦਰ ਤੇ ਕਾਂਗਰਸ ਨੂੰ ਲੋਕ ਹੁਣ ਮੂੰਹ ਨਹੀਂ ਲਾਉਣਗੇ। ਭਗਵੰਤ ਮਾਨ ਨੇ ਅੱਜ ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਤੋਂ ‘ਆਪ’ ਦੇ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਦੇ ਹੱਕ ਵਿੱਚ ਚੋਣ ਮਾਰਚ ਕੀਤਾ। ਉਨ੍ਹਾਂ ਕਿਹਾ ਪਹਿਲੇ ਦਸ ਸਾਲ ਅਕਾਲੀ ਦਲ ਨੇ ਪੰਜਾਬ ਨੂੰ ਲੁੱਟਿਆ ਤੇ ਹੁਣ ਸਾਢੇ ਚਾਰ ਅਮਰਿੰਦਰ ਨੇ ਪੰਜਾਬ ਦਾ ਕੀ ਭਲਾ ਕਰਨਾ ਸੀ, ਸਗੋਂ ਪਟਿਆਲੇ ਦਾ ਵੀ ਵਿਕਾਸ ਨਹੀਂ ਕਰਾਇਆ। ਅੱਜ ਦੇ ਰੋਡ ਸ਼ੋਅ ਵਿਚ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਇਸ ਮੌਕੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਸੀਨੀਅਰ ਆਗੂ ਕੁੰਦਨ ਗੋਗੀਆ, ਸੀਨੀਅਰ ਕੌਂਸਲਰ ਕਿਸ਼ਨ ਚੰਦ ਬੁੱਧੂ, ਵਪਾਰੀ ਆਗੂ ਰਾਕੇਸ਼ ਗੁਪਤਾ ਅਤੇ ਸੀਨੀਅਰ ਆਗੂ ਕੇਕੇ ਸਹਿਗਲ ਸਮੇਤ ਵੱਡੀ ਗਿਣਤੀ ਵਿਚ ਵਾਲੰਟੀਅਰ ਅਤੇ ਆਗੂ ਮੌਜੂਦ ਸਨ।