ਪੱਤਰ ਪ੍ਰੇਰਕ
ਰਾਜਪੁਰਾ, 1 ਦਸੰਬਰ
ਜਥੇਦਾਰ ਗੜ੍ਹੀ ਰਾਹੀਂ ਪਟਿਆਲਾ ਜ਼ਿਲ੍ਹੇ ਨੂੰ ਐਤਕੀ ਮੁੜ ਸ਼੍ਰੋਮਣੀ ਕਮੇਟੀ ’ਚ ਨੁਮਾਇੰਦਗੀ ਮਿਲ ਗਈ ਹੈ। ਗੜ੍ਹੀ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਹਲਕੇ ਤੋਂ 17 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਹਨ। ਉਹ ਪਹਿਲਾਂ ਵੀ ਲਗਾਤਾਰ 11 ਸਾਲ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਰਹਿ ਚੁੱਕੇ ਹਨ। ਜ਼ਿਕਰਯੋਗ ਹੈ ਕਿ ਭਾਜਪਾ ਨਾਲ ਸਿਆਸੀ ਸਾਂਝ ਟੁੱਟਣ ਮਗਰੋਂ ਰਾਜਪੁਰਾ ਚਿਰਾਂ ਬਾਅਦ ਅਕਾਲੀ ਦਲ ਦੇ ਹਿੱਸੇ ਆਇਆ ਸੀ, ਤੇ ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾਂ ਦੌਰਾਨ ਰਾਜਪੁਰਾ ਹਲਕੇ ਤੋਂ 25 ਹਜ਼ਾਰ ਦੀ ਲੀਡ ਲੈ ਕੇ ਜਿੱਤੇ ਗੜ੍ਹੀ ਅਕਾਲੀ ਦਲ ਦੀ ਟਿਕਟ ਦੇ ਮਜ਼ਬੂਤ ਦਾਅਵੇਦਾਰ ਸਨ। ਪਰ ਪਾਰਟੀ ਨੇ ਟਿਕਟ ਸੁਖਬੀਰ ਸਿੰਘ ਬਾਦਲ ਦੇ ਓ.ਐੱਸ.ਡੀ ਚਰਨਜੀਤ ਸਿੰਘ ਬਰਾੜ ਨੂੰ ਦੇ ਦਿੱਤੀ, ਜਿਸ ਤੋਂ ਨਾਰਾਜ਼ ਹੋ ਕੇ ਜਥੇਦਾਰ ਗੜ੍ਹੀ ਘਰ ਬੈਠ ਗਏ ਸਨ। ਸੁਖਬੀਰ ਸਿੰਘ ਬਾਦਲ ਨੇ ਜਥੇਦਾਰ ਗੜ੍ਹੀ ਦੇ ਘਰ ਜਾ ਕੇ ਉਨ੍ਹਾਂ ਨੂੰ ਚਰਨਜੀਤ ਸਿੰਘ ਬਰਾੜ ਦੇ ਨਾਲ ਤੋਰਿਆ। ਕਿਉਂਕਿ ਜਥੇਦਾਰ ਗੜ੍ਹੀ ਦਾ ਰਾਜਪੁਰਾ ਅਤੇ ਘਨੌਰ ਦੋਵੇਂ ਹਲਕਿਆਂ ਵਿੱਚ ਚੰਗਾ ਆਧਾਰ ਹੈ, ਜਿਸ ਦੇ ਚਲਦਿਆਂ ਹੀ ਐਤਕੀ ਫਿਰ ਜਥੇਦਾਰ ਗੜ੍ਹੀ ਨੂੰ ਸ਼੍ਰੋਮਣੀ ਕਮੇਟੀ ਦਾ ਐਗਜ਼ੈਕਟਿਵ ਮੈਂਬਰ ਬਣਾਇਆ ਗਿਆ। ਜਥੇਦਾਰ ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਵੀ ਹਨ।