ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਅਕਤੂਬਰ
ਜ਼ਿਲ੍ਹਾ ਪੁਲੀਸ ਵੱਲੋਂ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਤੇ ਨਸ਼ਿਆਂ ਤੋਂ ਬਚਾਅ ਸਬੰਧੀ ਜਾਗਰੂਕ ਕਰਨ ਲਈ ਸੈਮੀਨਾਰ ਕੀਤਾ ਗਿਆ। ਐੱਸਪੀ (ਟਰੈਫਿਕ) ਪਲਵਿੰਦਰ ਸਿੰਘ ਚੀਮਾ ਦੀ ਦੇਖ-ਰੇਖ ’ਚ ਹੋਏ ਸੈਮੀਨਾਰ ਦੌਰਾਨ ਇੰਸਪੈਕਟਰ ਪੁਸ਼ਪਾ ਦੇਵੀ ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਚਾਨਣਾ ਪਾਉਂਦਿਆਂ ਟਰੈਫਿਕ ਨਿਯਮਾਂ ਦੇ ਪਾਲਣ ਦੀ ਮਹੱਤਤਾ ਵੀ ਦੱਸੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਵਰਤੋਂ ਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਾਰਨ ਹਰ ਸਾਲ ਲੱਖਾਂ ਜਾਨਾਂ ਅਜਾਈ ਜਾ ਰਹੀਆਂ ਹਨ। ਇਸ ਕਰਕੇ ਹਰੇਕ ਇਨਸਾਨ ਨੂੰ ਸਵੈਰੱਖਿਆ ਲਈ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਮਹਿਲਾ ਮਿੱਤਰ ਹੈੱਲਪ ਡੈੱਸਕ ਬਾਰੇ ਵੀ ਚਾਨਣਾ ਪਾਇਆ, ਜੋ ਔਰਤਾਂ ਦੀ ਰੱਖਿਆ ਲਈ 24 ਘੰਟੇ ਸੇਵਾ ‘ਚ ਰਹਿੰਦਾ ਹੈ, ਜਿਸ ਦਾ ਟੋਲ ਫਰੀ ਨੰਬਰ 112181 ਹੈ। ਅਖੀਰ ’ਚ ਸਕੂਲ ਪ੍ਰਿੰਸੀਪਲ ਤੋਤਾ ਸਿੰਘ ਚਹਿਲ (ਨੈਸ਼ਨਲ ਐਵਾਰਡੀ) ਨੇ ਜ਼ਿਲ੍ਹਾ ਪੁਲੀਸ ਵੱਲੋਂ ਕਰਵਾਏ ਸਮਾਗਮ ਦੀ ਸ਼ਲਾਘਾ ਕੀਤੀ।