ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਮਈ
ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਨਿਵੇਕਲੀ ਪਹਿਲ ਕਦਮੀ ਕਰਦਿਆਂ ਪੀਪੀਈ ਕਿੱਟ ਪਾ ਕੇ ਅੱਜ ਇਥੇ ਰਜਿੰਦਰਾ ਹਸਪਤਾਲ ਵਿਚਲੇ ਕਰੋਨਾ ਵਾਰਡ ਦਾ ਦੌਰਾ ਕੀਤਾ। ਕਰੋਨਾ ਕੇਅਰ ਇੰਚਾਰਜ ਸੁਰਭੀ ਮਲਿਕ ਤੇ ਮੈਡੀਕਲ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਆਰਪੀਐੱਸ ਸਬਿੀਆ ਵੀ ਨਾਲ ਸਨ। ਉਹ ਇਸ ਹਸਪਤਾਲ ਵਿਚਲੇ ਸਾਰੇ ਕਰੋਨਾ ਵਾਰਡਾਂ ਵਿਚ ਪੁੱਜੇ ਅਤੇ ਕਈ ਮਰੀਜ਼ਾਂ ਨਾਲ ਮੁਲਾਕਾਤ ਵੀ ਕੀਤੀ । ਹੱਲਾਸ਼ੇਰੀ ਦਿੰਦਿਆਂ ਉਨ੍ਹਾਂ ਨੇ ਇਨ੍ਹਾਂ ਮਰੀਜ਼ਾਂ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਵੀ ਕੀਤੀ। ਡਿਪਟੀ ਕਮਿਸ਼ਨਰ ਨੇ ਡਾਕਟਰਾਂ, ਨਰਸਿੰਗ ਸਟਾਫ ਅਤੇ ਹੋਰ ਅਮਲੇ ਦੀ ਪਿੱਠ ਵੀ ਥਾਪੜੀ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਰਾਜਿੰਦਰਾ ਹਸਪਤਾਲ ਵਿਚਲੇ ਇਲਾਜ ਸਬੰਧੀ ਪਾਏ ਜਾ ਰਹੇ ਭਰਮ ਭੁਲੇਖਿਆਂ ਨੂੰ ਭੰਡਦਿਆਂ ਲੋਕਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ। ਇਸ ਮਗਰੋਂ ਉਨ੍ਹਾਂ ਨੇ ਕਰੋਨਾ ਸਬੰਧੀ ਕੰਟਰੋਲ ਰੂਮ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਡਾ. ਐੱਚਐੱਸ ਰੇਖੀ, ਡਾ. ਵਿਸ਼ਾਲ ਚੋਪੜਾ, ਡਾ ਅਮਨਦੀਪ ਸਿੰਘ ਬਖਸ਼ੀ, ਡਾ. ਸਚਿਨ ਕੌਸ਼ਲ ਅਤੇ ਨਰਸਿੰਗ ਸੁਪਰਡੈਂਟ ਸਿਸਟਰ ਗੁਰਕਿਰਨ ਕੌਰ ਮੌਜੂਦ ਸਨ।