ਖੇਤਰੀ ਪ੍ਰਤੀਨਿਧ
ਪਟਿਆਲਾ, 6 ਸਤੰਬਰ
ਨਗਰ ਨਿਗਮ ਨੇ ਅਗਸਤ ਦੌਰਾਨ 3,068 ਯੂਨਿਟ ਮਾਲਕਾਂ ਨੂੰ ਪ੍ਰਾਪਰਟੀ ਟੈਕਸ ਨਾ ਭਰਨ ’ਤੇ ਡਿਮਾਂਡ ਨੋਟਿਸ ਭੇਜੇ ਸਨ, ਜਿਨ੍ਹਾਂ ਵਿੱਚੋਂ 350 ਮਾਲਕਾਂ ਨੇ ਨਿਗਮ ਕੋਲ ਪਹੁੰਚ ਕੇ 74 ਲੱਖ 95 ਹਜ਼ਾਰ ਰੁਪਏ ਜਮ੍ਹਾਂ ਕਰਵਾ ਦਿੱਤੇ ਹਨ। ਨਗਰ ਨਿਗਮ ਕਮਿਸ਼ਨਰ ਆਦਿੱਤਿਆ ਉੱਪਲ ਨੇ ਦੱਸਿਆ ਕਿ ਚਾਲੂ ਮਾਲੀ ਸਾਲ ਦੌਰਾਨ ਪ੍ਰਾਪਰਟੀ ਟੈਕਸ ਰਾਹੀਂ 15 ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਮਿੱਥਿਆ ਗਿਆ ਸੀ ਜਿਸ ਵਿਚੋਂ ਪਹਿਲੇ ਪੰਜ ਮਹੀਨਿਆਂ ਵਿੱਚ 57.73 ਫੀਸਦੀ ਹਾਸਲ ਕਰ ਕੇ 8.66 ਕਰੋੜ ਰੁਪਏ ਦੀ ਰਕਮ ਵਸੂਲੀ ਕਰ ਲਈ ਗਈ ਹੈ।
ਉਨ੍ਹਾਂ ਉਮੀਦ ਜਤਾਈ ਕਿ ਨਿਗਮ ਇਸ ਸਾਲ ਆਪਣੇ ਮਿੱਥੇ ਟੀਚੇ ਤੋਂ ਵੱਧ ਪ੍ਰਾਪਰਟੀ ਟੈਕਸ ਇਕੱਠਾ ਕਰਕੇ ਨਵਾਂ ਰਿਕਾਰਡ ਬਣਾਵੇਗਾ। ਨਵੇਂ ਯੂਨਿਟ ਮਾਲਕਾਂ ਨੂੰ ਰਾਹਤ ਦਿੰਦਿਆਂ ਨਿਗਮ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਐਮ-ਸੇਵਾ ਐਪ ਰਾਹੀਂ ਨਵੇਂ ਯੂਨਿਟ ਮਾਲਕ ਨਿਗਮ ਦਫ਼ਤਰ ਵਿੱਚ ਪਹੁੰਚ ਕੇ ਆਪਣੀ ਪ੍ਰਾਪਰਟੀ ਟੈਕਸ ਆਈ.ਡੀ ਪ੍ਰਾਪਤ ਕਰਕੇ ਪ੍ਰਾਪਰਟੀ ਟੈਕਸ ਦਾ ਭੁਗਤਾਨ ਕਰ ਸਕਦੇ ਹਨ। ਸਾਲ 2018 ਦੌਰਾਨ ਕੀਤੇ ਪ੍ਰਾਪਰਟੀ ਟੈਕਸ ਸਰਵੇਖਣ ਅਨੁਸਾਰ ਨਿਗਮ ਦੇ ਅਧਿਕਾਰ ਖੇਤਰ ਵਿੱਚ 1.6 ਲੱਖ ਯੂਨਿਟ ਹਨ ਜਿਨ੍ਹਾਂ ਵਿੱਚੋਂ 25 ਹਜ਼ਾਰ ਯੂਨਿਟ ਵਪਾਰਕ ਹਨ। ਤਕਨੀਕੀ ਕਾਰਨਾਂ ਕਰਕੇ, ਨਵੀਆਂ ਇਕਾਈਆਂ, ਜਿਨ੍ਹਾਂ ਨੂੰ ਕਾਰਪੋਰੇਸ਼ਨ ਵੱਲੋਂ ਨਵੇਂ ਯੂਪੀਆਈਐੱਨ ਨੰਬਰ ਜਾਰੀ ਨਹੀਂ ਕੀਤੇ ਜਾ ਸਕੇ, ਉਹ ਹੁਣ ਐਮ-ਸੇਵਾ ਐਪ ਰਾਹੀਂ ਆਪਣੀ ਪ੍ਰਾਪਰਟੀ ਟੈਕਸ ਰਿਟਰਨ ਭਰ ਸਕਦੇ ਹਨ। ਸਰਕਾਰੀ ਅੰਕੜਿਆਂ ਦਾ ਹਵਾਲਾ ਦਿੰਦਿਆਂ ਨਗਰ ਨਿਗਮ ਕਮਿਸ਼ਨਰ ਨੇ ਦੱਸਿਆ ਕਿ ਏ-ਕੈਟਾਗਰੀ ਅਧੀਨ 44 ਕਾਰੋਬਾਰੀ ਇਕਾਈਆਂ ਇਸ ਕਿਸਮ ਦੀਆਂ ਹਨ, ਜਿਨ੍ਹਾਂ ਦਾ 1.27 ਕਰੋੜ ਰੁਪਏ ਦਾ ਪ੍ਰਾਪਰਟੀ ਟੈਕਸ ਬਕਾਇਆ ਹੈ ਜਦਕਿ ਏ-ਸ਼੍ਰੇਣੀ ਵਿੱਚ ਹੁਣ ਤੱਕ ਪ੍ਰਾਪਰਟੀ ਟੈਕਸ ਨਾ ਭਰਨ ਵਾਲੀਆਂ ਦੀ ਗਿਣਤੀ 5590 ਹੈ।
ਉਨ੍ਹਾਂ ਦੱਸਿਆ ਕਿ ਪ੍ਰਾਪਰਟੀ ਟੈਕਸ ਨਾ ਭਰਨ ਵਾਲੇ ਸਾਰੇ ਯੂਨਿਟ ਮਾਲਕਾਂ ਨੂੰ ਸੂਚਨਾ ਨੋਟਿਸ ਤੋਂ ਬਾਅਦ ਡਿਮਾਂਡ ਨੋਟਿਸ ਭੇਜਿਆ ਜਾਵੇਗਾ। ਪ੍ਰਾਪਰਟੀ ਟੈਕਸ ਨਾ ਭਰਨ ਵਾਲਿਆਂ ’ਤੇ ਨਿਗਮ ਕੋਈ ਸਖ਼ਤੀ ਨਾ ਕਰੇ, ਇਸ ਲਈ ਜਰੂਰੀ ਹੈ ਕਿ ਹਰੇਕ ਯੂਨਿਟ ਮਾਲਕ ਸਮੇਂ ਸਿਰ ਆਪਣਾ ਪ੍ਰਾਪਰਟੀ ਟੈਕਸ ਰਿਟਰਨ ਨਿਗਮ ਕੋਲ ਜਮ੍ਹਾਂ ਕਰਵਾਏ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਲੋਕਾਂ ਨੇ ਅਜੇ ਤੱਕ ਆਪਣਾ ਪ੍ਰਾਪਰਟੀ ਟੈਕਸ ਨਹੀਂ ਭਰਿਆ, ਉਹ 30 ਸਤੰਬਰ ਤੱਕ ਪ੍ਰਾਪਰਟੀ ਟੈਕਸ ਭਰ ਕੇ ਚਾਲੂ ਵਿੱਤੀ ਸਾਲ ਲਈ ਪ੍ਰਾਪਰਟੀ ਟੈਕਸ ਵਿੱਚ 10 ਫ਼ੀਸਦੀ ਛੋਟ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪ੍ਰਾਪਰਟੀ ਟੈਕਸ ਤੋਂ ਹੋਣ ਵਾਲੀ ਆਮਦਨ ਸ਼ਹਿਰ ਦੇ ਵਿਕਾਸ ਦਾ ਮੁੱਖ ਆਧਾਰ ਹੈ, ਇਸ ਲਈ ਹਰੇਕ ਯੂਨਿਟ ਮਾਲਕ ਨੂੰ ਸਮੇਂ ਸਿਰ ਪ੍ਰਾਪਰਟੀ ਟੈਕਸ ਰਿਟਰਨ ਭਰ ਕੇ ਸ਼ਹਿਰ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।