ਖੇਤਰੀ ਪ੍ਰਤੀਨਿਧ
ਪਟਿਆਲਾ, 1 ਅਕਤੂਬਰ
ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਨੇ ਚਾਲੂ ਵਿੱਤੀ ਸਾਲ ਲਈ ਰੱਖੇ ਗਏ ਟੀਚੇ ਦਾ 99 ਫ਼ੀਸਦੀ ਪ੍ਰਾਪਰਟੀ ਟੈਕਸ ਹਾਸਲ ਕਰ ਲਿਆ ਹੈ। 10 ਫ਼ੀਸਦੀ ਸੂਟ ਦੇ ਨਾਲ ਭਰੇ ਜਾਣ ਵਾਲੇ ਪ੍ਰਾਪਰਟੀ ਟੈਕਸ ਲਈ 30 ਸਤੰਬਰ ਆਖ਼ਰੀ ਤਰੀਕ ਸੀ ਅਤੇ ਆਖ਼ਰੀ ਤਰੀਕ ’ਤੇ ਨਿਗਮ ਦੇ ਕੋਲ ਸ਼ਹਿਰ ਵਾਸੀਆਂ ਨੇ 90 ਲੱਖ ਰੁਪਏ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਇਆ। ਪ੍ਰਾਪਰਟੀ ਟੈਕਸ ਸ਼ਾਖਾ ਦੀ ਇਸ ਰਿਕਾਰਡ ਪ੍ਰਾਪਤੀ ’ਤੇ ਨਗਰ ਨਿਗਮ ਕਮਿਸ਼ਨਰ ਆਦਿੱਤਿਆ ਉਪਲ ਨੇ ਚੰਗਾ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਪਿੱਠ ਥਾਪੜੀ ਹੈ। ਨਿਗਮ ਕਮਿਸ਼ਨਰ ਅਨੁਸਾਰ 30 ਸਤੰਬਰ ਪ੍ਰਾਪਰਟੀ ਟੈਕਸ ਨੂੰ ਦਸ ਫੀਸਦੀ ਛੋਟ ਨਾਲ ਭਰਨ ਦੀ ਆਖ਼ਰੀ ਤਰੀਕ ਸੀ, ਹੁਣ 31 ਮਾਰਚ 2023 ਤੱਕ ਬਿਨਾਂ ਛੋਟ ਹੀ ਪ੍ਰਾਪਰਟੀ ਟੈਕਸ ਭਰਿਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਚਾਲੂ ਵਿੱਤੀ ਸਾਲ ਦੇ ਲਈ 15 ਕਰੋੜ ਰੁਪਏ ਦਾ ਟੀਚਾ ਦਿੱਤਾ ਗਿਆ ਸੀ ਪਰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਾਪਰਟੀ ਟੈਕਸ ਕੈਂਪ ਅਤੇ ਛੁੱਟੀ ਦੇ ਦਿਨ ਲੋਕਾਂ ਨੂੰ ਪ੍ਰਾਪਰਟੀ ਟੈਕਸ ਭਰਨ ਦੀ ਸਹੂਲਤ ਦੇ ਕੇ ਨਿਗਮ ਨੇ ਆਪਣੇ ਟਾਰਗੇਟ ਦਾ 99 ਫੀਸਦੀ ਪ੍ਰਾਪਰਟੀ ਟੈਕਸ ਹਾਸਲ ਕੀਤਾ ਹੈ।
ਪ੍ਰਾਪਰਟੀ ਟੈਕਸ ਸ਼ਾਖਾ ਦੇ ਸੁਪਰਡੈਂਟ ਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਨਿਗਮ ਕਮਿਸ਼ਨਰ ਆਦਿੱਤਿਆ ਉਪਲ ਦੇ ਹੁਕਮਾਂ ‘ਤੇ ਪ੍ਰਾਪਰਟੀ ਟੈਕਸ ਰਿਟਰਨ ਭਰਨ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕੀਤੇ ਜਾਣ ਦਾ ਨਤੀਜਾ ਹੈ ਕਿ ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਸ਼ਾਖਾ ਆਪਣੇ ਟੀਚੇ ਨੂੰ ਤੈਅ ਸਮੇਂ ਤੋਂ ਅੱਧੇ ਸਮੇਂ ਵਿੱਚ ਪੂਰਾ ਕਰ ਸਕੀ ਹੈ। ਪ੍ਰਾਪਰਟੀ ਟੈਕਸ ਸ਼ਾਖਾ ਦੇ ਸੁਪਰਡੈਂਟ ਪਰਮਿੰਦਰ ਪਾਲ ਸਿੰਘ ਨੇ ਟੀਚੇ ਨੂੰ ਹਾਸਲ ਕਰਨ ਦਾ ਸਿਹਰਾ ਸਟਾਫ਼ ਮੈਂਬਰਾਂ ਨੂੰ ਦਿੱਤਾ ਹੈ।