ਗੁਰਨਾਮ ਸਿੰਘ ਅਕੀਦਾ
ਪਟਿਆਲਾ, 7 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਨੇ ਅੱਜ ਸੱਤਾਧਾਰੀ ਕਾਂਗਰਸ ਦੀ ਪਟਿਆਲਾ ਲੀਡਰਸ਼ਿਪ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਦੋਸ਼ ਲਗਾਏ ਹਨ ਕਿ ਨਗਰ ਨਿਗਮ ਪਟਿਆਲਾ ਦੇ ਮੇਅਰ ਦੀ ਸ਼ਹਿ ਉੱਤੇ ਬੂਥਾਂ ’ਤੇ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ, ਬੂਥ ਆਪਣੇ ਚਹੇਤਿਆਂ ਨੂੰ ਦਿੱਤੇ ਜਾ ਰਹੇ ਹਨ। ਇਸ ਸਬੰਧੀ ਨਗਰ ਨਿਗਮ ਦੇ ਮੇਅਰ ਨੇ ਸਾਰੇ ਦੋਸ਼ਾਂ ਨੂੰ ਨਕਾਰਿਆ ਹੈ। ਸ਼੍ਰੋਮਣੀ ਅਕਾਲੀ ਦਲ ਦੀ ਪਟਿਆਲਾ ਸ਼ਹਿਰੀ ਇਕਾਈ ਨੇ 21 ਪ੍ਰਾਪਰਟੀਜ਼ ’ਤੇ ਨਾਜਾਇਜ਼ ਕਬਜ਼ਾ ਕਰਨ ਦੇ ਦੋਸ਼ ਲਗਾਉਂਦਿਆਂ ਐਲਾਨ ਕੀਤਾ ਹੈ ਕਿ ਜੇ ਇਹ ਬੰਦ ਨਾ ਹੋਇਆ ਤਾਂ ਉਹ ਇਸ ਸਬੰਧ ਵਿਚ ਅਦਾਲਤ ਦਾ ਦਰਵਾਜ਼ਾ ਵੀ ਖੜਕਾਉਣਗੇ। ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਕਰੋੜਾਂ ਰੁਪਏ ਦੀਆਂ 21 ਪ੍ਰਾਪਰਟੀਜ਼ ’ਤੇ ਕਬਜ਼ਾ ਹੋ ਰਹੇ ਹਨ। ਮੇਅਰ ਵੱਲੋਂ ਸ਼ਰੇਆਮ ਕਥਿਤ ਤੌਰ ’ਤੇ ਆਪਣੇ ਚਹੇਤਿਆਂ ਨੂੰ ਅਹਿਮ ਥਾਵਾਂ ’ਤੇ ਕਬਜ਼ੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਕਾਂਗਰਸ ਨੇ ਬੇਰੁਜ਼ਗਾਰਾਂ ਦੇ ਨਾਮ ’ਤੇ ਆਪਣੇ ਪੀਏ, ਕੌਂਸਲਰਾਂ ਦੇ ਭਰਾਵਾਂ ਅਤੇ ਹੋਰ ਚਹੇਤਿਆਂ ਨੂੰ ਬੂਥ ਅਲਾਟ ਕਰ ਦਿੱਤੇ ਹਨ। ਇਸ ਮੌਕੇ ਇੰਚਾਰਜ ਜ਼ੋਨ-5 ਬੱਬਲੂ ਖੋਰਾ, ਇੰਦਰਜੀਤ ਸਿੰਘ ਖਰੌੜ, ਸੁਖਬੀਰ ਸਿੰਘ ਅਬਲੋਵਾਲ, ਹਰਬੰਸ ਸਿੰਘ ਭੂਰਾ ਗਿੱਲ, ਗੋਬਿੰਦ ਬਡੂੰਗਰ, ਸ਼ਾਮ ਸਿੰਘ ਅਬਲੋਵਾਲ, ਹਰਜੀਤ ਸਿੰਘ ਜੀਤੀ, ਹਰਦਿਆਲ ਸਿੰਘ ਭੱਟੀ, ਹਰਬਖ਼ਸ਼ ਚਹਿਲ, ਹਰਮੀਤ ਸਿੰਘ ਮੀਤ, ਅਮਰਿੰਦਰ ਸਿੰਘ, ਮਨਜੀਤ ਸਿੰਘ, ਅਜਾਇਬ ਸਿੰਘ, ਰਵੀ ਕੁਮਾਰ, ਸੋਨੂੰ, ਹੈਪੀ, ਯੂਥ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਅਵਤਾਰ ਸਿੰਘ ਹੈਪੀ, ਕਾਂਤਾ ਰਾਣੀ, ਡਾ. ਮਨਪ੍ਰੀਤ ਸਿੰਘ ਚੱਢਾ, ਸੁਖਬੀਰ ਸਿੰਘ ਸਨੌਰ, ਵਪਾਰ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸ ਲਾਂਬਾ, ਮੱਲ੍ਹੀ, ਰਮੇਸ਼ ਕੁਮਾਰ, ਸੁਨੀਲ ਯਾਦਵ, ਵਿਕੀ ਮਾਡਲ ਟਾਊਨ ਹਾਜ਼ਰ ਸਨ।
ਇਸ ਸਬੰਧੀ ਪਟਿਆਲਾ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਹੈ ਕਿ ਸਾਰੇ ਦੋਸ਼ ਬੇਬੁਨਿਆਦ ਹਨ, ਨਿਯਮਾਂ ਤੋਂ ਉਲਟ ਜਾ ਕੇ ਕਿਸੇ ਨੂੰ ਕੋਈ ਬੂਥ ਅਲਾਟ ਨਹੀਂ ਕੀਤਾ ਗਿਆ। ਵਿਰੋਧੀਆਂ ਨੂੰ ਕੋਈ ਮੁੱਦਾ ਨਹੀਂ ਮਿਲ ਰਿਹਾ ਇਸ ਕਰਕੇ ਇਹ ਲੋਕ ਮੁੱਦਾ ਪੈਦਾ ਕਰਕੇ ਦੋਸ਼ ਲਗਾ ਰਹੇ ਹਨ, ਜਿਨ੍ਹਾਂ ਵਿਚ ਕੋਈ ਦਮ ਨਹੀਂ ਹੈ।