ਖੇਤਰੀ ਪ੍ਰਤੀਨਿਧ
ਪਟਿਆਲਾ, 17 ਜੁਲਾਈ
ਬੁਲੇਟ ਮੋਟਰਸਾਈਕਲਾਂ ਦੇ ਸਿਲੈਂਸਰ ’ਚ ਵਿਸ਼ੇਸ਼ ਕਿਸਮ ਦਾ ਯੰਤਰ ਲਵਾ ਕੇ ਸੜਕ ’ਤੇ ਪਟਾਕੇ ਵਜਾਉਣ ਵਾਲਿਆਂ ਖ਼ਿਲਾਫ਼ ਪਟਿਆਲਾ ਵਿੱਚ ਨਵੇਂ ਆਏ ਡੀਐੱਸਪੀ ਟਰੈਫਿਕ ਕਰਮਵੀਰ ਸਿੰਘ ਤੂਰ ਨੇ ਸਖਤੀ ਸ਼ੁਰੂ ਕਰ ਦਿੱਤੀ ਹੈ। ਪਟਿਆਲਾ ਦੇ ਐੱਸਐੱਸਪੀ ਦੀਪਕ ਪਾਰਿਕ ਵੱਲੋਂ ਉਚੇਚੇ ਤੌਰ ’ਤੇ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਡੀਐੱਸਪੀ ਕਰਮਵੀਰ ਸਿੰਘ ਤੂਰ ਅਤੇ ਉਨ੍ਹਾਂ ਦੀ ਟੀਮ ਵਲੋ ਅਰਬਨ ਅਸਟੇਟ ਨੇੜੇ ਸਥਿਤ ਬਾਈਪਾਸ ਚੌਕ ’ਤੇ ਨਾਕਾ ਲਗਾਇਆ ਗਿਆ। ਇਸ ਦੌਰਾਨ ਬੁਲੇਟਾਂ ਨਾਲ ਪਟਾਕੇ ਪਾਉਣ ਵਾਲੇ ਕਈ ਮੋਟਰਸਾਈਕਲ ਜਬਤ ਕਰਨ ਸਮੇਤ ਕੁਝ ਦੇ ਚਲਾਨ ਵੀ ਕੀਤੇ ਗਏ। ਇਸ ਤੋਂ ਇਲਾਵਾ ਕਾਰਾਂ ’ਤੇ ਅਣ-ਅਧਿਕਾਰਤ ਤੌਰ ’ਤੇ ਲਾਈਆਂ ਗਈਆਂ ਅਤੇ ਕਾਲੀਆਂ ਫਿਲਮਾਂ ਵੀ ਉਤਰਵਾਈਆਂ ਗਈਆਂ। ਇਸ ਮੌਕੇ ਕੁਝ ਵਾਹਨ ਚਾਲਕਾਂ ਨੂੰ ਟਰੈਫਿਕ ਰੂਲ ਅਪਣਾਉਣ ਲਈ ਜਾਗਰੂਕ ਵੀ ਕੀਤਾ ਗਿਆ। ਇਸ ਟਰੈਫਿਕ ਟੀਮ ਵਿੱਚ ਸਬ ਇੰਸਪੈਕਟਰ ਸੰਦੀਪ ਕੁਮਾਰ, ਏਐੱਸਆਈ ਧਰਮਪਾਲ, ਏਐੱਸਆਈ ਅਜੈ ਕੁਮਾਰ, ਏਐੱਸਆਈ ਮਾਮਚੰਦ, ਏਐੱਸਆਈ ਅਮਰੀਕ ਸਿੰਘ, ਸਬ ਇੰਸਪੈਕਟਰ ਗੁਰਮੀਤ ਸਿੰਘ ਅਤੇ ਬਲਜਿੰਦਰ ਸਿੰਘ ਇੰਚਾਰਜ ਸਿਟੀ 2 ਹਾਜ਼ਰ ਰਹੇ।