ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਮਈ
ਇਥੋਂ ਦੇ ਇਤਿਹਾਸਕ ਗੁਰਦੁਆਰਾ ਦੂਖਨਿਵਾਰਨ ਸਾਹਿਬ ’ਚ ਸੇਵਾਦਾਰ ਵਜੋਂ ਸ਼੍ਰੋਮਣੀ ਕਮੇਟੀ ਦੀ ਰੈਗੂਲਰ ਮੁਲਾਜ਼ਮਾਂ ਦੀ ਉਨ੍ਹਾਂ ਦੇ ਕਿਸੇ ਜਾਣਕਾਰ ਨੇ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰਕੇ ਮਹਿਲਾ ਦੇ ਜਵਾਨ ਪੁੱਤ ਨੂੰ ਜ਼ਖ਼ਮੀ ਕਰ ਦਿੱਤਾ। ਉਸ ਨੂੰ ਪੀਜੀਆਈ ਵਿਖੇ ਦਾਖਲ ਕਰਵਾਇਆ ਗਿਆ ਹੈ। 45 ਸਾਲ ਦੀ ਸਤਿੰਦਰ ਕੌਰ ਗੁਰਦੁਆਰਾ ਦੂਖਨਿਵਾਰਨ ਸਾਹਿਬ ਦੇ ਰਿਹਾਇਸ਼ੀ ਏਰੀਏ ਵਿਚ ਸਥਿਤ ਕੁਆਰਟਰ ਨੰਬਰ ਸੱਤਰ ਵਿੱਚ ਆਪਣੇ ਚੌਵੀ ਸਾਲਾ ਪੁੱਤ ਦੇ ਨਾਲ ਰਹਿ ਰਹੀ ਸੀ। ਬੀਤੀ ਰਾਤ ਸਾਢੇ ਦੱਸ ਵਜੇ ਪਰਿਵਾਰ ਦੇ ਜਾਣਕਾਰ ਨੇ ਦੋਵਾਂ ਮਾਂ ਪੁੱਤਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਦੋਵਾਂ ਦੇ ਕਰੀਬ ਵੀਹ-ਪੱਚੀ ਟੱਕ ਮਾਰੇ ਗਏ। ਘਟਨਾ ਦਾ ਪਤਾ ਲੱਗਣ ’ਤੇ ਗੁਰਦੁਆਰੇ ਦੇ ਮੈਨੇਜਰ ਨੱਥਾ ਸਿੰਘ ਅਤੇ ਐਡੀਸ਼ਨਲ ਮੈਨੇਜਰ ਕਰਨੈਲ ਸਿੰਘ ਵਿਰਕ ਸਮੇਤ ਹੋਰ ਮੁਲਾਜ਼ਮ ਵੀ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਦੋਵਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ। ਉੱਥੋਂ ਗੰਭੀਰ ਹਾਲਤ ਹੋਣ ਕਾਰਨ ਲੜਕੇ ਨੂੰ ਪੀਜੀਆਈ ਵਿਖੇ ਭੇਜ ਦਿੱਤਾ ਗਿਆ, ਜਦਕਿ ਸਤਿੰਦਰ ਕੌਰ ਦੀ ਘੰਟੇ ਬਾਅਦ ਮੌਤ ਹੋ ਗਈ। ਇਸ ਤੋਂ ਪਹਿਲਾਂ ਉਹ ਆਪਣੇ ਬਿਆਨ ਦਰਜ ਕਰਵਾ ਚੁੱਕੀ ਸੀ। ਉੱਧਰ ਇਲਾਕੇ ਦੇ ਡੀਐੱਸਪੀ ਮੋਹਿਤ ਅਗਰਵਾਲ ਦਾ ਕਹਿਣਾ ਹੈ ਕਿ ਬਿਆਨ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਗਿਆ ਹੈ।