ਸਰਬਜੀਤ ਸਿੰਘ ਭੰਗੂ
ਪਟਿਆਲਾ, 30 ਜੁਲਾਈ
ਪੁਲੀਸ ਚੌਕੀ ਬਹਾਦਰਗੜ੍ਹ ਦੇ ਥਾਣੇਦਾਰ ਤੋਂ ਖ਼ਫ਼ਾ ਨੇੜਲੇ ਪਿੰਡ ਮਹਿਮੂਦਪੁਰ ਜੱਟਾਂ ਦੇ ਵਸਨੀਕ ਰਾਮ ਸਿੰਘ ਨੇ ਸਾਰੀ ਰਾਤ ਮੀਂਹ ਦੇ ਬਾਵਜੂਦ ਪਾਣੀ ਵਾਲੀ ਟੈਂਕੀ ‘ਤੇ ਕੱਟੀ। ਰਾਮ ਸਿੰਘ ਦਾ ਦੋਸ਼ ਹੈ ਕਿ ਕਰੀਬ ਨੌਂ ਮਹੀਨੇ ਪਹਿਲਾਂ ਕੁਝ ਵਿਅਕਤੀਆਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਸੀ ਪਰ ਪੁਲੀਸ ਨੇ ਉਨ੍ਹਾਂ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਉਲਟਾ ਥਾਣੇ ਜਾਣ ‘ਤੇ ਪੁਲੀਸ ਚੌਕੀ ਬਹਾਦਰਗੜ੍ਹ ਦੇ ਥਾਣੇਦਾਰ ਨੇ ਉਸ ਦੀ ਕਥਿਤ ਤੌਰ ’ਤੇ ਲਾਹ-ਪਾਹ ਕੀਤੀ। ਇਸ ਤੋਂ ਖ਼ਫ਼ਾ ਹੋ ਕੇ ਹੀ ਉਹ ਰਾਤ ਟੈਂਕੀ ‘ਤੇ ਜਾ ਚੜ੍ਹਿਆ। ਇਸੇ ਦੌਰਾਨ ਸ਼ਨਿਚਰਵਾਰ ਨੂੰ ਇਸ ਘਟਨਾ ਦਾ ਪਤਾ ਲੱਗਣ ’ਤੇ ਪਹੁੰਚੇ ਪੁਲੀਸ ਅਧਿਕਾਰੀਆਂ ਨੇ ਸਬੰਧਤ ਥਾਣੇਦਾਰ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦਾ ਭਰੋਸਾ ਦੇਣ ਮਗਰੋਂ ਉਸ ਨੂੰ ਹੇਠਾਂ ਉਤਾਰ ਲਿਆ।