ਖੇਤਰੀ ਪ੍ਰਤੀਨਿਧ
ਸਨੌਰ , 10 ਮਾਰਚ
ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਪਠਾਣਮਾਜਰਾ ਹਲਕਾ ਸਨੌਰ ਦੇ ਨਵੇਂ ਵਿਧਾਇਕ ਚੁਣੇ ਗਏ ਹਨ। ਉਨ੍ਹਾਂ ਨੇ ਆਪਣੇ ਸਿਆਸੀ ਵਿਰੋਧੀ ਸਨੌਰ ਹਲਕੇ ਦੇ ਮੌਜੂਦਾ ਵਿਧਾਇਕ ਤੇ ਅਕਾਲੀ ਉਮੀਦਵਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ 49122 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਇਸ ਦੌਰਾਨ ਪਠਾਣਮਾਜਰਾ ਨੇ 83893 ਵੋਟਾਂ ਹਾਸਲ ਕੀਤੀਆਂ ਜਦਕਿ ਚੰਦੂਮਾਜਰਾ ਨੂੰ 34771 ਵੋਟਾਂ ਮਿਲੀਆਂ। ਕਾਂਗਰਸ ਦੇ ਹਰਿੰਦਰਪਾਲ ਸਿੰਘ ਹੈਰੀਮਾਨ ਨੂੰ 25408 ਵੋਟਾਂ ਨਾਲ਼ ਹੀ ਸਬਰ ਕਰਨਾ ਪਿਆ। ਹਲਕੇ ’ਚ ਚੌਥੇ ਉਮੀਦਵਾਰ ਵਜੋਂ ਉੱਭਰੇ ਪੰਜਾਬ ਲੋਕ ਕਾਂਗਰਸ ਦੇ ਬਿਕਰਮਜੀਤ ਇੰਦਰ ਸਿੰਘ ਚਹਿਲ ਨੂੰ 9223 ਵੋਟਾਂ ਮਿਲੀਆਂ। ਹਲਕਾ ਸਨੌਰ ਦੇ ਰਿਟਰਨਿੰਗ ਅਧਿਕਾਰੀ-ਕਮ-ਸੰਯੁਕਤ ਕਮਿਸ਼ਨਰ ਨਗਰ ਨਿਗਮ ਜਸਲੀਨ ਕੌਰ ਭੁੱਲਰ ਨੇ ਨਤੀਜਾ ਜਾਰੀ ਕਰਦਿਆਂ ਦੱਸਿਆ ਕਿ ਸਨੌਰ ਹਲਕੇ ’ਚ ਕੁੱਲ 1,65,017 ਵੋਟਾਂ ਪਈਆਂ ਸਨ। ਇਨ੍ਹਾਂ ਵਿੱਚੋਂ ਪਠਾਣਮਾਜਰਾ ਨੇ 83,893, ਹਰਿੰਦਰਪਾਲ ਚੰਦੂਮਾਜਰਾ ਨੂੰ 34,771, ਹੈਰੀਮਾਨ ਨੇ 25,408 ਅਤੇ ਪੰਜਾਬ ਲੋਕ ਕਾਂਗਰਸ ਦੇ ਬਿਕਰਮਜੀਤ ਇੰਦਰ ਸਿੰਘ ਚਹਿਲ ਨੇ 9223, ਮਾਨ ਦਲ ਦੇ ਵਿਕਰਮਜੀਤ ਸਿੰਘ ਨੂੰ 4935 ਜੈ ਜਵਾਨ ਜੈ ਕਿਸਾਨ ਪਾਰਟੀ ਦੇ ਨਵਜੋਤ ਸਿੰਘ ਨੂੰ 983 ਵੋਟਾਂ ਮਿਲੀਆਂ। ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਬੂਟਾ ਸਿੰਘ ਸ਼ਾਦੀਪੁਰ ਨੂੰ ਸਿਰਫ਼ 1620 ਵੋਟਾਂ ਹੀ ਮਿਲੀਆਂ। ਆਜ਼ਾਦ ਉਮੀਦਵਾਰ ਅਜੇ ਕੁਮਾਰ ਨੂੰ 136, ਸੁਰਿੰਦਰ ਸਿੰਘ ਨੂੰ 213, ਹਰਮੀਤ ਸਿੰਘ ਮੁਰਾਦਮਾਜਰਾ ਨੂੰ 338, ਗੁਰਪ੍ਰੀਤ ਸਿੰਘ ਨੂੰ 326, ਜਗਦੇਵ ਸਿੰਘ ਨੂੰ 348, ਜਤਿੰਦਰ ਨੂੰ 727 ਤੇ ਮੋਹਨ ਲਾਲ ਘੜਾਮ ਵਾਲੇ ਨੂੰ 469 ਵੋਟਾਂ ਪ੍ਰਾਪਤ ਹੋਈਆਂ ਅਤੇ ਨੋਟਾ ਨੂੰ 1627 ਵੋਟਾਂ ਮਿਲੀਆਂ।
ਇਸੇ ਦੌਰਾਨ ਨਤੀਜਾ ਘੋਸ਼ਿਤ ਹੋਣ ਮਗਰੋਂ ਪਠਾਣਮਾਜਰਾ ਦੀ ਦੇਵੀਗੜ੍ਹ ’ਤੇ ਸਥਿਤ ਰਿਹਾਇਸ਼ ’ਤੇ ਉਨ੍ਹਾਂ ਦੇ ਸਮਰਥਕਾਂ ਦੀ ਵੱਡੀ ਭੀੜ ਜੁੜ ਗਈ। ਇਸ ਤਹਿਤ ਸਮੁੱਚੇ ਹਲਕੇ ’ਚ ਹੀ ਉਨ੍ਹਾਂ ਦੇ ਸਮਰਥਕਾਂ ਨੇ ਢੋਲ ਦੀ ਥਾਪ ’ਤੇ ਭੰਗੜੇ ਪਾਏ ਅਤੇ ਲੱਡੂ ਵੀ ਵੰਡੇ। ਨਵੇਂ ਬਣੇ ਹਲਕਾ ਵਿਧਾਇਕ ਹਰਮੀਤ ਪਠਾਣਮਾਜਰਾ ਨੇ ਸਮੂਹ ਇਲਾਕਾ ਵਾਸੀਆਂ ਦਾ ਧੰਨਵਾਦ ਕੀਤਾ ਹੈ।