ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 16 ਅਪਰੈਲ
ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਅੱਜ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਮਿਲਾਪਸਰ ਘੜਾਮ ਨੇੜੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸਾਖੀ ਜੋੜ ਮੇਲੇ ਮੌਕੇ ਕਰਵਾਏ ਗਏ ਕਬੱਡੀ ਅਤੇ ਕੁਸ਼ਤੀ ਟੂਰਨਾਮੈਂਟ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਉਪਰੰਤ ਉਨ੍ਹਾਂ ਕਿਹਾ ਕਿ ਪਿੰਡ ਘੜਾਮ ਵਿੱਚ ਕਾਰ ਸੇਵਾ ਵਾਲੇ ਬਾਬਾ ਦੀਵਾਨ ਸਿੰਘ ਤੇ ਬਾਬਾ ਖਜ਼ਾਨ ਸਿੰਘ ਦੀ ਯਾਦ ’ਚ ਖੇਡ ਸਟੇਡੀਅਮ ਬਣਾਇਆ ਜਾਵੇਗਾ। ਇਸ ਮੌਕੇ ਹਲਕਾ ਘਨੌਰ ਦੇ ਵਿਧਾਇਕ ਅਤੇ ਖਿਡਾਰੀ ਗੁਰਲਾਲ ਸਿੰਘ ਨੇ ਵੀ ਹਾਜ਼ਰੀ ਭਰੀ।
ਇਸ ਮੌਕੇ ਕਬੱਡੀ ਦੀਆਂ ਵੱਖ-ਵੱਖ ਟੀਮਾਂ ਨੇ ਭਾਗ ਲਿਆ, ਇਸ ਮੌਕੇ ਧੂਰੀ ਦੀ ਟੀਮ ਦਾ ਬਲਬੇੜਾ ਨਾਲ, ਕਿਰਮਚ ਦੀ ਟੀਮ ਦਾ ਦਿੜ੍ਹਬਾ ਨਾਲ, ਨਗਲ ਦੀ ਟੀਮ ਦਾ ਢੁਡੀਕੇ ਨਾਲ, ਦੁਤਾਲ ਦੀ ਟੀਮ ਦਾ ਠਾਕਰਗੜ੍ਹ ਨਾਲ, ਹਰੀਗੜ੍ਹ ਦੀ ਟੀਮ ਦਾ ਝਨੇੜੀ ਦੀ ਟੀਮ ਨਾਲ, ਅਲੀਪੁਰ ਖਾਲਸਾ ਦੀ ਟੀਮ ਦਾ ਕਕਰਾਲਾ ਦੀ ਟੀਮ ਨਾਲ ਮੁਕਾਬਲਾ ਹੋਇਆ। ਇਨ੍ਹਾਂ ਜੇਤੂ ਟੀਮਾਂ ਨੂੰ ਪਹਿਲਾ ਇਨਾਮ 61 ਹਜ਼ਾਰ ਰੁਪਏ ਅਤੇ ਦੂਜਾ ਇਨਾਮ 41 ਹਜ਼ਾਰ ਰੁਪਏ ਦਾ ਦਿੱਤਾ ਗਿਆ। ਬੇਸਟ ਜਾਫੀ ਅਤੇ ਰੇਡਰ ਨੂੰ 51-51 ਹਜ਼ਾਰ ਰੁਪਏ ਦੇ ਇਨਾਮ ਦਿੱਤੇ ਗਏ। ਇਸ ਮੌਕੇ ਲੜਕੀਆਂ ਦੀ ਕਬੱਡੀ ਦੇ ਮੈਚ ਵੀ ਕਰਵਾਏ ਗਏ।