ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 6 ਜੁਲਾਈ
ਇਥੋਂ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦਾ ਪ੍ਰਬੰਧ ਚਲਾਉਣ ਵਾਲੀ ਪਟੇਲ ਮੈਮੋਰੀਅਲ ਮੈਨੇਜਮੈਂਟ ਸੁਸਾਇਟੀ ਦੀ ਕਥਿਤ ਤੌਰ ’ਤੇ ਢਿੱਲੀ ਕਾਰਗੁਜ਼ਾਰੀ ਦਾ ਮਾਮਲਾ ਹਲਕਾ ਵਿਧਾਇਕ ਨੀਨਾ ਮਿੱਤਲ ਵੱਲੋਂ ਬੀਤੇ ਦਿਨ ਵਿਧਾਨ ਸਭਾ ’ਚ ਉਠਾਏ ਜਾਣ ਤੋਂ ਬਾਅਦ ਇਹ ਕਾਲਜ ਮੁੜ ਚਰਚਾ ਵਿੱਚ ਆ ਗਿਆ ਹੈ ਜਿਸ ਤੋਂ ਬਾਅਦ ਪਟੇਲ ਮੈਮੋਰੀਅਲ ਮੈਨੇਜਮੈਂਟ ਸੁਸਾਇਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਦੂਆ ਤੇ ਜਨਰਲ ਸਕੱਤਰ ਸ਼ਿਵ ਕੁਮਾਰ ਜਲਾਨ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਚੁੱਕੇ ਹਨ।
ਹਲਕਾ ਵਿਧਾਇਕ ਨੀਨਾ ਮਿੱਤਲ ਦਾ ਕਹਿਣਾ ਹੈ ਕਿ ਕਾਲਜ ਮੈਨੇਜਮੈਂਟ ਦੀ ਮਾੜੀ ਕਾਰਗੁਜ਼ਾਰੀ ਕਾਰਨ ਕਾਲਜ ਕਰੋੜਾਂ ਰੁਪਏ ਦੇ ਵਿੱਤੀ ਘਾਟੇ ਵਿੱਚ ਜਾ ਰਿਹਾ ਹੈ। ਇਸ ਕਾਲਜ ਵਿੱਚ ਵਿਦਿਆਰਥੀਆਂ ਦੀ ਗਿਣਤੀ ਲੰਘੇ ਸਾਲ 2400 ਦੇ ਮੁਕਾਬਲੇ ਘੱਟ ਕੇ 1700 ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਇਸ ਕਾਲਜ ਨੂੰ ਕੁਝ ਸਿਆਸੀ ਲੋਕ ਆਪਣੀ ਜਗੀਰ ਸਮਝ ਰਹੇ ਹਨ। ਮੈਡਮ ਨੀਨਾ ਮਿੱਤਲ ਦਾ ਕਹਿਣਾ ਹੈ ਕਿ ਇਸ ਸਾਰੇ ਮਾਮਲੇ ਦੀ ਜਾਂਚ ਕਰਵਾ ਕੇ ਸੱਚ ਲੋਕਾਂ ਸਾਹਮਣੇ ਲਿਆਂਦਾ ਜਾਵੇਗਾ ਅਤੇ ਪ੍ਰਬੰਧਕ ਕਮੇਟੀ ਵਿੱਚ ਇੱਕ ਪਰਿਵਾਰ-ਇੱਕ ਮੈਂਬਰ ਦਾ ਫਾਰਮੂਲਾ ਲਾਗੂ ਕੀਤਾ ਜਾਵੇਗਾ। ਚੰਗੇ ਲੋਕਾਂ ਨੂੰ ਵੀ ਕਾਲਜ ਪ੍ਰਬੰਧ ਚਲਾਉਣ ਦਾ ਮੌਕਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਲਜ ਦੇ ਪ੍ਰਬੰਧ ਸਬੰਧੀ ਉਨ੍ਹਾਂ ਦੀ ਦਖਲਅੰਦਾਜ਼ੀ ਉਦੋਂ ਤੱਕ ਹੈ। ਜਦੋਂ ਤੱਕ ਸਭ ਕੁਝ ਠੀਕ ਨਹੀਂ ਹੋ ਜਾਂਦਾ। ਇਸ ਤੋਂ ਬਾਅਦ ਉਹ ਖੁਦ ਦਖਲਅੰਦਾਜ਼ੀ ਬੰਦ ਕਰ ਦੇਣਗੇ।
ਇਸ ਸਬੰਧੀ ਪਟੇਲ ਮੈਮੋਰੀਅਲ ਮੈਨੇਜਮੈਂਟ ਸੁਸਾਇਟੀ ਦੇ ਸਾਬਕਾ ਪ੍ਰਧਾਨ ਗੁਰਿੰਦਰ ਸਿੰਘ ਦੂਆ ਨੇ ਵਿਧਾਇਕ ਨੀਨਾ ਮਿੱਤਲ ਵੱਲੋਂ ਉਠਾਏ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਕਾਲਜ ਮੈਨੇਜਮੈਂਟ ਵਿੱਤੀ ਘਾਟੇ ਵਿੱਚ ਨਹੀਂ। ਸਗੋਂ ਇਸ ਵੱਲੋਂ ਟਾਊਨ ਦੀ ਗੁਰੂ ਅਰਜਨ ਦੇਵ ਕਲੋਨੀ ਵਿੱਚ ਪਟੇਲ ਪਬਲਿਕ ਸਕੂਲ ਲਈ ਸਾਢੇ ਸੱਤ ਕਰੋੜ ਰੁਪਏ ਕੀਮਤ ਦੀ ਜਗ੍ਹਾ ਖਰੀਦੀ ਗਈ ਹੈ। ਕਾਲਜ ਵਿੱਚ ਵਿਦਿਆਰਥੀਆਂ ਦੀ ਘੱਟ ਰਹੀ ਗਿਣਤੀ ਬਾਰੇ ਉਨ੍ਹਾਂ ਕਿਹਾ ਕਿ ਲੰਘੇ 5-7 ਸਾਲਾਂ ਦੌਰਾਨ ਵਿਦਿਆਰਥੀਆਂ ਦਾ ਵਿਦੇਸ਼ ਵਿੱਚ ਜਾਣ ਲਈ ਰੁਝਾਨ ਵਧਿਆ ਹੈ ਜਿਸ ਕਾਰਨ ਪੰਜਾਬ ਦੇ ਸਾਰੇ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਘਟੀ ਹੈ। ਇਸ ਲਈ ਮੈਨੇਜਮੈਂਟ ਸੁਸਾਇਟੀ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।