ਪੱਤਰ ਪ੍ਰੇਰਕ
ਰਾਜਪੁਰਾ, 27 ਸਤੰਬਰ
ਇਸ ਖੇਤਰ ਵਿੱਚੋਂ ਗੁਜ਼ਰਦੇ ਅੰਮ੍ਰਿਤਸਰ-ਦਿੱਲੀ ਮੁੱਖ ਰੇਲਮਾਰਗ ’ਤੇ ਸ਼ੰਭੂ ਨੇੜੇ ਪੈਂਦੇ ਪਿੰਡ ਘੱਗਰ ਸਰਾਏ ਦੇ ਫਾਟਕ ਨੇੜੇ ਉਸਾਰੇ ਗਏ ਰੇਲਵੇ ਅੰਡਰਬ੍ਰਿਜ ਵਿੱਚ ਚਾਰ ਦਿਨਾਂ ਤੋਂ ਕਈ ਕਈ ਫੁੱਟ ਪਾਣੀ ਖੜ੍ਹਾ ਹੋਣ ਕਾਰਨ ਦਰਜਨਾਂ ਪਿੰਡਾਂ ਦੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੇਲਵੇ ਵਿਭਾਗ ਵੱਲੋਂ ਘੱਗਰ ਸਰਾਏ ਦੇ ਰੇਲਵੇ ਫਾਟਕ ਤੋਂ ਚਾਰ ਦਰਜਨ ਤੋਂ ਵੱਧ ਪਿੰਡਾਂ ਦੇ ਰਾਹਗੀਰਾਂ ਨੂੰ ਨਜਾਤ ਦੁਆਉਣ ਲਈ ਕੁਝ ਸਾਲ ਪਹਿਲਾਂ ਅੰਡਰਬ੍ਰਿਜ ਦੀ ਉਸਾਰੀ ਕੀਤੀ ਗਈ ਸੀ। ਇਸ ਵਿੱਚੋਂ ਬਰਸਾਤੀ ਪਾਣੀ ਦੇ ਨਿਕਾਸ ਦਾ ਕੋਈ ਢੁਕਵਾਂ ਪ੍ਰਬੰਧ ਨਹੀਂ। ਪਾਣੀ ਭਰਨ ਕਾਰਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌਗਾਵਾਂ ਅਤੇ ਹੋਰਨਾਂ ਪਿੰਡਾਂ ਦੇ ਸਕੂਲਾਂ ਤੇ ਸਿਹਤ ਸੰਸਥਾਵਾਂ ਵਿੱਚ ਆਉਣ ਵਾਲੇ ਸਟਾਫ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਣੀ ਭਰਨ ਕਾਰਨ ਵਿਦਿਆਰਥੀਆਂ ਨੂੰ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸਥਾਨ ਲੋਕਾਂ ਨੇ ਕਿਹਾ ਕਿ ਪਾਣੀ ਕਾਰਨ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਹੁਣ ਇਸ ਖੇਤਰ ਦੇ ਪਿੰਡਾਂ ਦੇ ਲੋਕਾਂ ਨੂੰ ਵਾਇਆ ਸਲੇਮਪੁਰ ਸੇਖਾਂ, ਮਰਦਾਂਪੁਰ ਤੋਂ ਸ਼ੰਭੂ ਤੋਂ ਕਈ ਕਿੱਲੋਮੀਟਰ ਦੂਰ ਦੂਰਾਡੇ ਨੂੰ ਘੁੰਮ ਕੇ ਰਾਜਪੁਰਾ ਜਾਂ ਅੰਬਾਲਾ ਲਈ ਜਾਣਾ ਪੈ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਜ਼ਿਲ੍ਹਾ ਪ੍ਰਧਾਨ ਅਮਰਿੰਦਰ ਸਿੰਘ ਹੈਪੀ ਹਾਸ਼ਮਪੁਰ, ਸੁੱਚਾ ਸਿੰਘ ਜਖੇਪਲ, ਬਿੰਦਰਪਾਲ ਸਿੰਘ ਨੇ ਰੇਲ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਘੱਗਰ ਸਰਾਏ ਦੇ ਅੰਡਰਬ੍ਰਿਜ ਵਿੱਚ ਖੜ੍ਹੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ।