ਪੱਤਰ ਪ੍ਰੇਰਕ
ਰਾਜਪੁਰਾ, 3 ਸਤੰਬਰ
ਸ਼ਹਿਰੀ ਖੇਤਰ ਦੀਆਂ ਟੁੱਟੀਆਂ ਸੜਕਾਂ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੀਆਂ ਹਨ। ਇੱਥੋਂ ਦੇ ਫੁਆਰਾ ਚੌਕ ਦਾ ਆਲਾ ਦੁਆਲਾ, ਪਟੇਲ ਕਾਲਜ ਰੋਡ, ਨਵਾਂ ਅੰਡਰਬ੍ਰਿਜ ਰੋਡ, ਫੁਆਰਾ ਚੌਕ ਤੋਂ ਟਾਊਨ ਰੋਡ, ਮਹਿੰਦਰਗੰਜ ਰੋਡ, ਡਾਲੀਮਾ ਵਿਹਾਰ ਕਲੋਨੀ, ਸ਼ਾਮ ਨਗਰ, ਆਈਟੀਆਈ ਰੋਡ, ਭੋਗਲਾਂ ਰੋਡ, ਐੱਮਐੱਲਏ ਰੋਡ ਅਤੇ ਸ਼ਹਿਰੀ ਖੇਤਰ ਦੀਆਂ ਹੋਰਨਾਂ ਸੜਕਾਂ ਵਿੱਚ ਪਏ ਡੂੰਘੇ ਟੋਇਆਂ ਤੋਂ ਇਲਾਵਾ ਪੁਰਾਣਾ ਅੰਡਰਬ੍ਰਿਜ ਰੋਡ ’ਤੇ ਕੁਝ ਦੁਕਾਨਦਾਰਾਂ ਵੱਲੋਂ ਪਾਣੀ ਦੀਆਂ ਟੂਟੀਆਂ ਦੇ ਕੁਨੈਕਸ਼ਨ ਜੋੜਨ ਲਈ ਆਪਮੁਹਾਰੇ ਸੜਕਾਂ ਨੂੰ ਪੁੱਟਿਆ ਗਿਆ ਜਿਸ ਕਾਰਨ ਸੜਕਾਂ ਵਿਚਕਾਰ ਟੋਏ ਪੈ ਗਏ ਹਨ ਜੋ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਇਸੇ ਅੰਡਰਬ੍ਰਿਜ ਦੇ ਹੇਠ ਬਣੇ ਟੋਇਆਂ ਕਾਰਨ ਰਾਹਗੀਰਾਂ ਨੂੰ ਹੋਰ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰੀ ਖੇਤਰ ਤੋਂ ਬਲਵਿੰਦਰ ਸਿੰਘ ਸੈਂਹਬੀ, ਗਿਆਨੀ ਭੁਪਿੰਦਰ ਸਿੰਘ, ਧਰਮਪਾਲ, ਤਰਲੋਚਨ ਸਿੰਘ ਸਮੇਤ ਹੋਰਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਖਸਤਾ ਹਾਲਤ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ।
ਇਸ ਸਬੰਧੀ ਸੰਪਰਕ ਕਰਨ ’ਤੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਦਾ ਕਹਿਣਾ ਹੈ ਕਿ ਸ਼ਹਿਰ ਦੀਆਂ ਸਾਰੀਆਂ ਖਸਤਾ ਹਾਲ ਸੜਕਾਂ ’ਚ ਸੁਧਾਰ ਲਈ ਜਲਦੀ ਟੈਂਡਰ ਲਾਇਆ ਜਾ ਰਿਹਾ ਹੈ।
ਪਿੰਡ ਧੂਰੀ ’ਚ ਮੁੱਖ ਸੜਕ ਦੀ ਹਾਲਤ ਬੇਹੱਦ ਮਾੜੀ
ਧੂਰੀ: ਸ਼ਹਿਰ ਦੇ ਨਾਲ ਲੱਗਦੇ ਧੂਰੀ ਪਿੰਡ ਵਿੱਚ ਇੱਕ ਅਹਿਮ ਸੜਕ (ਧੂਰੀ ਤੋਂ ਦੋਹਲੇ ਦਰਵਾਜ਼ੇ ਨੂੰ ਜਾਣ ਸਮੇਂ ਰਵਿਦਾਸ ਮੰਦਿਰ ਵੱਲ ਜਾਣ ਵਾਲੀ ਸੜਕ) ਦੀ ਮਾੜੀ ਹਾਲਤ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੜਕ ਨੂੰ ਕਾਂਗਰਸ ਸਰਕਾਰ ਸਮੇਂ ਬਣਾਇਆ ਗਿਆ ਸੀ ਜੋਂ ਕੁਝ ਸਮੇਂ ਬਾਅਦ ਹੀ ਟੁੱਟ ਗਈ। ਇਸ ਸੜਕ ਉੱਪਰ ਦੋ ਵੱਡੇ ਧਾਰਮਿਕ ਅਸਥਾਨ ਵੀ ਪੈਂਦੇ ਹਨ। ਇਹ ਸੜਕ ਥਾਂ-ਥਾਂ ਟੁੱਟਣ ਕਾਰਨ ਲੋਕਾਂ ਨੇ ਮਿੱਟੀ ਪਾ ਕੇ ਆਪਣਾ ਆਉਣ-ਜਾਣ ਦਾ ਜੁਗਾੜ ਬਣਾਇਆ ਹੋਇਆ ਹੈ। ਇਸ ਸੜਕ ਦੇ ਆਲੇ-ਦੁਆਲੇ ਪਏ ਸੀਵਰੇਜ ਸਿਸਟਮ ਦੀ ਹਾਲਤ ਵੀ ਤਰਸਯੋਗ ਹੈ। ਸੀਵਰੇਜ ਦੇ ਖੁੱਲ੍ਹੇ ਢੱਕਣਾਂ ਕਾਰਨ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਸੀਨੀਅਰ ਸਿਟੀਜਨ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਸ਼ ਸ਼ਰਮਾ ਨੇ ਇਸ ਸੜਕ ਵਿੱਚ ਵਰਤੀ ਕੁਤਾਹੀ ਲਈ ਜਾਂਚ ਦੀ ਮੰਗ ਕਰਦਿਆਂ ਇਸ ਨੂੰ ਮੁੜ ਚੰਗੇ ਤਰੀਕੇ ਨਾਲ ਬਣਾਉਣ ਲਈ ਸੰਗਰੂਰ ਦੇ ਡੀਸੀ ਨੂੰ ਮਿਲਣ ਦਾ ਫੈਸਲਾ ਕੀਤਾ ਹੈ। -ਖੇਤਰੀ ਪ੍ਰਤੀਨਿਧ