ਅਸ਼ਵਨੀ ਗਰਗ
ਸਮਾਣਾ, 5 ਅਕਤੂਬਰ
ਸਮਾਣਾ ਚੀਕਾ ਰੋਡ ’ਤੇ ਸਥਿਤ ਭਾਖੜਾ ਪੁਲ ਦਾ ਕੁੱਝ ਹਿੱਸਾ ਟੁੱਟ ਕੇ ਡਿੱਗ ਚੁੱਕਾ ਹੈ ਜਿਸ ਕਾਰਨ ਪੁਲ ਵਿਚ ਵੱਡਾ ਖੱਡਾ ਪੈ ਗਿਆ ਜੋ ਕਿਸੇ ਸਮੇਂ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਹਾਲਾਂਕਿ ਜਿਸ ਢੰਗ ਨਾਲ ਪੁਲ ਵਿਚ ਇੱਹ ਵੱਡਾ ਖੱਡਾ ਪਿਆ ਹੈ ਉਸ ਨੂੰ ਦੇਖਦੇ ਲਗਦਾ ਹੈ ਕਿ ਕਿਸੇ ਸਮੇਂ ਵੀ ਇਹ ਪੁਲ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਜਦੋਂਕਿ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਇਸ ਪੁਲ ਨੂੰ ਬੰਦ ਤੱਕ ਨਹੀਂ ਕੀਤਾ ਗਿਆ।
ਜਾਣਕਾਰੀ ਅਨੁਸਾਰ ਕੁੱਝ ਸਾਲ ਪਹਿਲਾਂ ਹੀ ਕਰੋੜਾਂ ਰੁਪਏ ਦੀ ਲਾਗਤ ਨਾਲ ਇਸ ਪੁਲ ਦਾ ਨਿਰਮਾਣ ਕੀਤਾ ਗਿਆ ਸੀ।
ਬਠਿੰਡਾ, ਸੰਗਰੂਰ, ਬਰਨਾਲਾ ਆਦਿ ਨੂੰ ਕਰਨਾਲ, ਦਿੱਲੀ, ਕੁਰੂਕਸ਼ੇਤਰ ਆਦਿ ਨਾਲ ਜੋੜਨ ਵਿਚ ਇਹ ਪੁੱਲ ਅਹਿਮ ਕੜੀ ਵਜੋਂ ਕੰਮ ਕਰਦਾ ਹੈ ਪਰ ਹੁਣ ਇਸ ਪੁਲ ਵਿਚ ਪਏ ਵੱਡੇ ਖੱਡੇ ਤੋਂ ਬਾਅਦ ਕਿਸੇ ਵੱਡੇ ਖ਼ਤਰੇ ਤੋਂ ਘੱਟ ਨਹੀਂ ਰਿਹਾ। ਨਜ਼ਦੀਕੀ ਦੁਕਾਨਦਾਰਾਂ ਗੁਰਬਕਸ਼ ਸਿੰਘ, ਟਹਿਲ ਸਿੰਘ, ਜਗਰੂਪ ਸਿੰਘ ਮਰੋੜੀ, ਪ੍ਰਵੀਨ ਕੁਮਾਰ, ਰਿੰਕੂ, ਦਵਿੰਦਰ ਸਿੰਘ, ਰਘਵੀਰ ਸਿੰਘ, ਸਾਹਿਲ, ਸਵਰਨ ਸਿੰਘ ਨੇ ਦੱਸਿਆ ਕਿ ਪੁਲ ਦੇ ਟੁੱਟੇ ਹਿੱਸੇ ਬਾਰੇ ਜਾਣਕਾਰੀ ਅਧਿਕਾਰੀਆਂ ਨੂੰ ਦੇਣ ਦੇ ਬਾਵਜੂਦ ਇਸ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਇਹ ਟੋਇਆ ਦਿਨੋ ਦਿਨ ਵੱਡਾ ਹੁੰਦਾ ਜਾ ਰਿਹਾ ਹੈ ਜੇਕਰ ਕੋਈ ਭਾਰੀ ਵਾਹਨ ਇਸ ਦੇ ਉਪਰੋਂ ਲੰਘੇਗਾ ਤਾਂ ਇਹ ਟੁੱਟ ਜਾਵੇਗਾ ਤੇ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਬਾਰੇ ਤਹਿਸੀਲਦਾਰ ਲਾਰਸਨ ਸਿੰਗਲਾ ਨੇ ਦੱਸਿਆ ਕਿ ਮਾਮਲਾ ਐਸਡੀਐਮ ਸਮਾਣਾ ਅਤੇ ਪੀਡਬਲਿਊਡੀ ਦੇ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਹੈ ਤੇ ਛੇਤੀ ਹੀ ਇਸ ਨੂੰ ਠੀਕ ਕਰਵਾ ਦਿੱਤਾ ਜਾਵੇਗਾ।