ਬਹਾਦਰ ਸਿੰਘ ਮਰਦਾਂਪੁਰ
ਘਨੌਰ, 6 ਅਪਰੈਲ
ਇਥੋਂ ਦੇ ਅਪੋਲੋ ਪਬਲਿਕ ਸਕੂਲ ਦੇ ਪ੍ਰਬੰਧਕਾਂ ਵੱਲੋਂ ਬੱਚਿਆਂ ਦੇ ਮਾਪਿਆਂ ਕੋਲੋਂ ਵਾਧੂ ਸਾਲਾਨਾ ਖਰਚਾ ਵਸੂਲਣ, ਫੀਸਾਂ ਵਿੱਚ ਵਾਧਾ ਕੀਤੇ ਜਾਣ ਸਮੇਤ ਹੋਰ ਮਨਮਾਨੀਆਂ ਕਰਨ ਦੇ ਖਿਲਾਫ ਮਾਪਿਆਂ ਵੱਲੋਂ ਜਸਪਾਲ ਸਿੰਘ, ਸੁਖਚੈਨ ਸਿੰਘ ਮਗਰ, ਪਵਿੱਤਰ ਸਿੰਘ, ਮੋਹਨ ਸਿੰਘ ਲਾਛੜੂ, ਸੁਖਜੀਤ ਸਿੰਘ ਬਘੌਰਾ, ਨਵਦੀਪ ਸਿੰਘ, ਹਰਜਿੰਦਰ ਸਿੰਘ ਪਿੱਪਲ ਮੰਗੌਲੀ ਅਤੇ ਜੱਗਾ ਸਿੰਘ ਦੀ ਅਗਵਾਈ ਵਿੱਚ ਘਨੌਰ-ਬਹਾਦਰਗੜ੍ਹ ਸੜਕ ’ਤੇ ਆਵਾਜਾਈ ਠੱਪ ਕਰਕੇ ਰੋਸ ਧਰਨਾ ਦਿੱਤਾ ਗਿਆ ਤੇ ਸਕੂਲ ਪ੍ਰਬੰਧਕਾਂ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਮਾਪਿਆਂ ਦਾ ਕਹਿਣਾ ਸੀ ਕਿ ਹੁਣ ਜਦੋਂ ਕੋਈ ਵੀ ਨਿੱਜੀ ਸਕੂਲ ਸਾਲਾਨਾ ਖਰਚਾ ਨਾ ਵਸੂਲ ਕੇ ਫੀਸਾਂ ਵਿੱਚ ਵਾਧਾ ਵੀ ਨਹੀਂ ਕਰ ਰਿਹਾ। ਉਸ ਸਮੇਂ ਇਸ ਸਕੂਲ ਵੱਲੋਂ ਸਾਲਾਨਾ ਖਰਚਾ ਵਸੂਲਿਆ ਜਾ ਰਿਹਾ ਹੈ ਅਤੇ ਫੀਸਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਬੱਚਿਆਂ ਨੂੰ ਸਕੂਲ ਛੱਡਣ ਲਈ ਘੱਟੋ ਘੱਟ 800 ਰੁਪਏ ਪ੍ਰਤੀ ਬੱਚਾ ਬੱਸ ਕਿਰਾਇਆ ਵਸੂਲਿਆ ਜਾ ਰਿਹਾ ਹੈ ਅਤੇ ਬੱਚਿਆਂ ਦੇ ਪਛਾਣ ਪੱਤਰ ਜਾਰੀ ਕਰਨ ਲਈ 700 ਰੁਪਏ ਪ੍ਰਤੀ ਬੱਚਾ ਵਸੂਲੇ ਜਾ ਰਹੇ ਹਨ। ਕਿਤਾਬਾਂ ਖਰੀਦਣ ਲਈ ਵੀ ਵਿਸ਼ੇਸ਼ ਦੁਕਾਨ ’ਤੇ ਭੇਜਿਆ ਜਾਂਦਾ ਹੈ ਜਿਥੇ ਮਾਪਿਆਂ ਦੀ ਆਰਥਿਕ ਲੁੱਟ ਹੁੰਦੀ ਹੈ। ਮਾਪਿਆਂ ਨੇ ਮੰਗ ਕੀਤੀ ਕਿ ਸਕੂਲ ਦਾ ਸਾਲਾਨਾ ਖਰਚਾ ਲੈਣਾ ਬੰਦ ਕਰਕੇ ਫੀਸਾਂ ਵਿੱਚ ਕੀਤਾ ਜਾ ਰਿਹਾ ਵਾਧਾ ਵਾਪਸ ਲਿਆ ਜਾਵੇ ਅਤੇ ਮਾਪਿਆਂ ਨੂੰ ਆਪਣੀ ਮਰਜ਼ੀ ਮੁਤਾਬਕ ਕਿਸੇ ਵੀ ਦੁਕਾਨ ਤੋਂ ਕਿਤਾਬਾਂ ਖਰੀਦਣ ਦੀ ਖੁੱਲ੍ਹ ਦਿੱਤੇ ਜਾਵੇ ਤੇ ਹੋਰ ਮੰਗਾਂ ਮੰਨੀਆਂ ਜਾਣ।
ਮੌਕੇ ’ਤੇ ਪੁੱਜੇ ਨਾਇਬ ਤਹਿਸੀਲਦਾਰ ਘਨੌਰ ਮਨਿੰਦਰ ਸਿੰਘ ਵੱਲੋਂ ਧਰਨਾਕਾਰੀ ਮਾਪਿਆਂ ਨੂੰ ਉਨ੍ਹਾਂ ਦੀ ਸ਼ਿਕਾਇਤ ਦੇ ਨਿਪਟਾਰੇ ਲਈ 7 ਅਪਰੈਲ ਨੂੰ ਐਸਡੀਐਮ ਰਾਜਪੁਰਾ ਨਾਲ ਮੀਟਿੰਗ ਤੈਅ ਕਰਵਾਏ ਜਾਣ ’ਤੇ ਧਰਨਾ ਚੁੱਕ ਦਿੱਤਾ ਗਿਆ। ਇਸ ਮੌਕੇ ਤਰਸੇਮ ਸਿੰਘ, ਲਵਲੀ ਗੋਇਲ, ਗੁਰਜੰਟ ਸਿੰਘ, ਹਰਚਰਨ ਸਿੰਘ ਅਤੇ ਹੋਰ ਮੌਜੂਦ ਸਨ।
ਕੀ ਕਹਿੰਦੇ ਨੇ ਪ੍ਰਿੰਸੀਪਲ
ਇਸ ਸਬੰਧੀ ਸੰਪਰਕ ਕਰਨ ’ਤੇ ਸਕੂਲ ਦੀ ਪ੍ਰਿੰਸੀਪਲ ਮੈਡਮ ਰੁਪਾਲੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕੇਵਲ ਪਿਛਲੇ ਸਾਲ ਦੀ ਤਰਜ਼ ’ਤੇ ਹੀ ਸਾਲਾਨਾ ਖਰਚਾ ਤੇ ਫੀਸ ਲਈ ਜਾ ਰਹੀ ਹੈ। ਸ਼ਨਾਖਤੀ ਕਾਰਡ ਬਣਾਉਣ ਬਦਲੇ ਕੇਵਲ 250 ਰੁਪਏ ਪ੍ਰਤੀ ਬੱਚਾ ਲਏ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਵੀ ਸਰਕਾਰ ਵੱਲੋਂ ਸਾਲਾਨਾ ਖਰਚਾ ਅਤੇ ਫੀਸ ਨਾ ਵਸੂਲਣ ਸਬੰਧੀ ਨੋਟੀਫਿਕੇਸ਼ਨ ਜਾਰੀ ਹੋ ਗਿਆ ਤਾਂ ਉਹ ਉਸ ’ਤੇ ਅਮਲ ਕਰਨਗੇ।