ਗੁਰਨਾਮ ਸਿੰਘ ਚੌਹਾਨ
ਪਾਤੜਾਂ, 14 ਜੁਲਾਈ
ਪਿੰਡ ਦੁਗਾਲ ਕਲਾਂ ਤੇ ਦੁਗਾਲ ਖੁਰਦ ਦੀਆਂ ਪੰਚਾਇਤਾਂ ਦੀ ਅਗਵਾਈ ਵਿੱਚ ਦੋਵੇਂ ਪਿੰਡਾਂ ਦੇ ਲੋਕਾਂ ਨੇ ਸਮੂਹਿਕ ਰੂਪ ਵਿੱਚ ਮਤੇ ਪਾਸ ਕਰਕੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਮੰਗ ਕੀਤੀ ਹੈ। ਪੰਚਾਇਤਾਂ ਵੱਲੋਂ ਕੀਤੀ ਜਾ ਰਹੀ ਚਾਰਾਜ਼ੋਈ ਮਗਰੋਂ ਥਾਣਾ ਪਾਤੜਾਂ ਦੇ ਮੁਖੀ ਨੇ ਲੋਕਾਂ ਨੂੰ ਨਸ਼ਾ ਤਸਕਰਾਂ ਖ਼ਿਲਾਫ਼ ਸਖਤ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿਵਾਇਆ ਹੈ
ਪਿੰਡ ਦੁਗਾਲ ਕਲਾਂ ਦੀ ਸਰਪੰਚ ਕਾਲੂ ਰਾਮ ਅਤੇ ਦੁਗਾਲ ਖੁਰਦ ਦੀ ਸਰਪੰਚ ਸੁਖਵਿੰਦਰ ਕੌਰ ਦੀ ਅਗਵਾਈ ਵਿੱਚ ਪਿੰਡਾਂ ਦੇ ਲੋਕਾਂ ਵੱਲੋਂ ਪਾਏ ਗਏ ਮਤੇ ਵਿੱਚ ਦੱਸਿਆ ਗਿਆ ਕਿ ਇਨ੍ਹਾਂ ਦੋਵਾਂ ਪਿੰਡਾਂ ਵਿੱਚ ਕੁਝ ਲੋਕ ਚਿੱਟਾ, ਸਮੈਕ, ਅਫੀਮ, ਭੁੱਕੀ ਅਤੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰ ਰਹੇ ਹਨ। ਨਸ਼ਾ ਤਸਕਰਾਂ ਤੋਂ ਨਸ਼ਾ ਲੈ ਕੇ ਬਹੁਤ ਘੱਟ ਉਮਰ ਦੇ ਲੜਕੇ ਵੀ ਨਸ਼ੇ ਦੇ ਦਲਦਲ ਵਿੱਚ ਫਸ ਰਹੇ ਹਨ। ਨਸ਼ੇ ਦੇ ਆਦੀ ਹੋ ਚੁੱਕੇ ਨੌਜਵਾਨਾਂ ਨੂੰ ਜਦੋਂ ਕੋਈ ਵੀ ਪੈਸਾ ਨਸ਼ੇ ਲਈ ਨਹੀਂ ਮਿਲਦਾ ਤਾਂ ਉਹ ਪਿੰਡਾਂ ਲੋਕਾਂ ਦੇ ਘਰਾਂ ਅਤੇ ਖੇਤਾਂ ਚੋਂ ਚੋਰੀਆਂ ਤੇ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਤੇ ਦੋਵਾਂ ਪਿੰਡਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਰਹਿੰਦਾ ਹੈ। ਨਸ਼ੇ ਦੇ ਆਦੀ ਹੋਏ ਨੌਜਵਾਨਾਂ ਦੇ ਪਰਿਵਾਰ ਨੇ ਪੁਲੀਸ ਤੋਂ ਮੰਗ ਕੀਤੀ ਕਿ ਨਸ਼ਾ ਤਸਕਰਾਂ ਖ਼ਿਲਾਫ਼ ਸਖਤ ਕਾਰਵਾਈ ਕਰ ਕੇ ਉਨ੍ਹਾਂ ਦੇ ਪਿੰਡਾਂ ਨੂੰ ਨਸ਼ਾ ਮੁਕਤ ਕੀਤਾ ਜਾਵੇ। ਇਸ ਦੁਗਾਲ ਕਲਾਂ ਦੀ ਪੰਚਾਇਤ ਮੈਂਬਰ ਰਣਜੀਤ ਕੌਰ, ਰਾਣੀ ਦੇਵੀ, ਹਰਮੇਸ਼ ਸਿੰਘ, ਕਰਮਜੀਤ ਸਿੰਘ ਤੇ ਉਰਮਿਲਾ ਦੇਵੀ ਆਦਿ ਮੌਜੂਦ ਸਨ।
ਥਾਣਾ ਮੁਖੀ ਪਾਤੜਾਂ ਪ੍ਰਕਾਸ਼ ਮਸੀਹ ਨੇ ਕਿਹਾ ਕਿ ਪੁਲੀਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਜਾਰੀ ਹੈ। ਇਨ੍ਹਾਂ ਪਿੰਡਾਂ ਦੇ ਲੋਕਾਂ ਵੱਲੋਂ ਮਾਮਲਾ ਧਿਆਨ ਵਿੱਚ ਲਿਆਂਦੇ ਜਾਣ ’ਤੇ ਨਸ਼ਾ ਤਸਕਰਾਂ ਦੇ ਖਿਲਾਫ ਹੋਰ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨਸ਼ਿਆਂ ਦੀ ਸਮਗਲਿੰਗ ਕਰਨ ਵਾਲਿਆਂ ਨੂੰ ਸਖਤ ਤਾੜਨਾ ਕੀਤੀ ਹੈ ਕਿ ਉਹ ਆਪਣਾ ਧੰਦਾ ਬੰਦ ਕਰ ਦੇਣ, ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗਾ।