ਪੱਤਰ ਪ੍ਰੇਰਕ
ਪਾਤੜਾਂ, 11 ਸਤੰਬਰ
ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਦੌਰਾਨ ਅੱਜ ਪਿੰਡ ਹਰਿਆਉ ਖੁਰਦ ਦੇ ਏਪੀਆਈ-ਕਮ-ਪੰਚਾਇਤ ਸਕੱਤਰ ਜਰਨੈਲ ਸਿੰਘ ਨੂੰ ਛੇ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪੰਚਾਇਤ ਵਿਭਾਗ ਦੇ ਮੁਲਾਜ਼ਮ ਜਰਨੈਲ ਸਿੰਘ ਨੂੰ ਅਜੈਬ ਸਿੰਘ ਵਾਸੀ ਪਿੰਡ ਹਰਿਆਉ ਖੁਰਦ, ਬਲਾਕ ਪਾਤੜਾਂ, ਪਟਿਆਲਾ ਦੀ ਸ਼ਿਕਾਇਤ ’ਤੇ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਪਰੋਕਤ ਪੰਚਾਇਤ ਸਕੱਤਰ ਆਰ.ਟੀ.ਆਈ. ਕਾਨੂੰਨ ਤਹਿਤ ਉਸ ਦੇ ਪਿੰਡ ਵਿੱਚ ਗ੍ਰਾਮ ਪੰਚਾਇਤ ਦੁਆਰਾ ਕੀਤੇ ਗਏ ਵਿਕਾਸ ਕਾਰਜਾਂ ਨਾਲ ਸਬੰਧਤ ਕੁਝ ਰਿਕਾਰਡ ਦੇਣ ਬਦਲੇ ਉਸ ਤੋਂ ਛੇ ਹਜ਼ਾਰ ਰੁਪਏ ਹੋਰ ਮੰਗ ਕਰ ਰਿਹਾ ਹੈ ਜਦਕਿ ਇਸ ਮਾਮਲੇ ਵਿੱਚ ਇਹ ਰਿਕਾਰਡ ਦੇਣ ਲਈ ਪਹਿਲਾਂ ਹੀ ਚਾਰ ਹਜ਼ਾਰ ਰੁਪਏ ਉਸ ਕੋਲੋਂ ਲੈ ਚੁੱਕਾ ਹੈ। ਸ਼ਿਕਾਇਤਕਰਤਾ ਵੱਲੋਂ ਦਿੱਤੀ ਸੂਚਨਾ ਦੀ ਪੜਤਾਲ ਕਰਨ ਉਪਰੰਤ ਪਟਿਆਲਾ ਰੇਂਜ ਦੀ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ ਅਤੇ ਮੁਲਜ਼ਮ ਪੰਚਾਇਤ ਸਕੱਤਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤ ਕਰਤਾ ਤੋਂ ਛੇ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ‘ਤੇ ਹੀ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਪਟਿਆਲਾ ਵਿਖੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।