ਸਰਬਜੀਤ ਸਿੰਘ ਭੰਗੂ
ਪਟਿਆਲਾ, 12 ਜੁਲਾਈ
ਇਥੇ ਬਾਰਨ ਪਿੰਡ ਵਿੱਚ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਜੈ ਸਿੰਘ ਜੀ ਖਲਕਟ ਦੀ ਪ੍ਰਬੰਧਕ ਕਮੇਟੀ ਨੇ ਪਿੰਡ ਦੀ ਪੰਚਾਇਤ ’ਤੇ ਗੁਰਦੁਆਰੇ ਨੇੜਿਓਂ ਮਿੱਟੀ ਪੁੱਟਣ ਅਤੇ ਕਥਿਤ ਤੌਰ ’ਤੇ ਗੰਦਗੀ ਫੈਲਾਉਣ ਸਮੇਤ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਣ ਦੇ ਦੋਸ਼ ਲਾਏ ਹਨ। ਇਸ ਸਬੰਧੀ ਕਾਰਵਾਈ ਕਰਨ ਤੇ ਗੁਰਦੁਆਰਾ ਸਾਹਿਬ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਦੇ ਡਾਇਰੈਕਟਰ (ਮੀਡੀਆ ਰਿਲੇਸ਼ਨਜ਼) ਬਲਤੇਜ ਪੰਨੂ ਨੂੰ ਮੰਗ ਪੱਤਰ ਸੌਂਪਿਆ ਹੈ। ਗੁਰਦੁਆਰਾ ਪ੍ਰਬੰਧਕਾਂ ਨੇ ਕਿਹਾ ਕਿ ਕਿ ਸਾਲ 2016 ਵਿੱਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਅਸਥਾਨ ਦੇ ਸੁੰਦਰੀਕਰਨ ਲਈ 11 ਕਰੋੜ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਸੀ। ਸ਼ੁਰੂਆਤੀ ਕੰਮ ਲਈ 25-25 ਲੱਖ (ਇੱਕ ਕਰੋੜ) ਦੇ ਚਾਰ ਚੈੱਕ ਦਿੱਤੇ ਸਨ, ਪਰ ਪਿੰਡ ਦੇ ਸਰਪੰਚ ਹਰਚੰਦ ਸਿੰਘ ਇੱਕ ਕਰੋੜ ਰੁਪਏ ਦੀ ਗਰਾਂਟ ਕਥਿਤ ਤੌਰ ’ਤੇ ਖੁਰਦ-ਬੁਰਦ ਕਰ ਦਿੱਤੀ। ਫਿਰ ਪਿੰਡ ਵਿੱਚ ਗੰਦੇ ਪਾਣੀ ਨੂੰ ਸੋਧਣ ਲਈ ਖੂਹ ਵੀ ਇਸ ਅਸਥਾਨ ਦੇ ਸਾਹਮਣੇ ਪੁੱਟੇ ਗਏ। ਕਮੇਟੀ ਦੇ ਨੁਮਾਇੰਦਿਆਂ ਨੇ ਕਿਹਾ ਕਿ ਸਿਆਸੀ ਰੰਜਿਸ਼ ਕਾਰਨ ਸਰਪੰਚ ਨੇ ਗੁਰਦੁਆਰਾ ਸਾਹਿਬ ਨੇੜੇ ਡੂੰਘਾ ਛੱਪੜ ਵੀ ਪੁਟਵਾ ਦਿੱਤਾ, ਜਿਸ ਨਾਲ ਇਮਾਰਤ ਵਿੱਚ ਤਰੇੜ ਆ ਗਈ। ਕਮੇਟੀ ਨੇ ਮੁੱਖ ਮੰਤਰੀ ਤੋਂ ਪੰਚਾਇਤ ’ਤੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ।
ਸਰਪੰਚ ਨੇ ਸਾਰੇ ਦੋਸ਼ ਨਕਾਰੇ
ਹਰਚੰਦ ਸਿੰਘ ਨੇ ਸੰਪਰਕ ਕਰਨ ’ਤੇ ਕਿਹਾ ਕਿ ਉਨ੍ਹਾਂ ਕੋਲ ਸਰਪੰਚੀ 2019 ਵਿੱਚ ਆਈ ਸੀ। ਸ੍ਰੀ ਬਾਦਲ ਵੱਲੋਂ 2016 ਵਿੱਚ ਦਿੱਤੇ ਗਏ ਚਾਰ ਚੈੱਕ ਪਾਸ ਨਹੀਂ ਸਨ ਹੋ ਸਕੇ, ਜਿਸ ਕਾਰਨ ਇਹ ਪ੍ਰਸ਼ਾਸਨ ਨੂੰ ਵਾਪਸ ਕਰਨੇ ਪੈ ਗਏ। ਉਨ੍ਹਾਂ ਕਿਹਾ ਕਿ ‘ਸੀਚੇਵਾਲਾ ਮਾਡਲ’ ਪਹਿਲਾਂ ਤੋਂ ਨਿਰਧਾਰਤ ਟੋਭੇ ਵਾਲੀ ਥਾਂ ’ਚ ਹੀ ਬਣਾਇਆ ਗਿਆ ਹੈ। ਉਨ੍ਹਾਂ ਕਿ ਪਹਿਲਾਂ ਪਿੰਡ ਦੇ ਕਈ ਘਰਾਂ ਸਮੇਤ ਗੁਰਦੁਆਰਾ ਸਾਹਿਬ ਦੇ ਅੰਦਰ ਪਾਣੀ ਦਾਖ਼ਲ ਹੋ ਜਾਂਦਾ ਸੀ, ਪਰ ਸੀਚੇਵਾਲਾ ਮਾਡਲ ਬਣਨ ਮਗਰੋਂ ਅਜਿਹੀ ਸਮੱਸਿਆ ਨਹੀਂ ਆਈ।