ਸਰਬਜੀਤ ਸਿੰਘ ਭੰਗੂ
ਪਟਿਆਲਾ, 26 ਅਕਤੂਬਰ
ਇਥੋਂ ਨਜ਼ਦੀਕ ਸਥਿਤ ਦੌਣਕਲਾਂ ਵਾਲੀ ਸੜਕ ’ਤੇ ਪਾਣੀ ਦੀ ਨਿਕਾਸੀ ਲਈ ਬਣਾਈ ਜਾ ਰਹੀ ਪੁਲੀ ਨੂੰ ਅਧਵਾਟੇ ਛੱਡਣ ਕਾਰਨ ਵਾਪਰੇ ਸੜਕ ਹਾਦਸੇ ਦੌਰਾਨ ਦੌਣਕਲਾਂ ਦੇ ਪੰਚਾਇਤ ਮੈਂਬਰ ਅਤੇ ਕਿਸਾਨ ਆਗੂ ਰਛਪਾਲ ਸਿੰਘ ਬੰਟੀ (42) ਦੀ ਅੱਜ ਮੌਤ ਹੋ ਗਈ। ਇਸ ਘਟਨਾ ਦੇ ਰੋਸ ਵਜੋਂ ਪਿੰਡ ਵਾਸੀਆਂ ਨੇ ਅੱਜ ਸਵੇਰੇ ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇਅ ’ਤੇ ਪੈਂਦੇ ਪਿੰਡ ਦੌਣਕਲਾਂ ਨੇੜੇ ਮ੍ਰਿਤਕ ਦੇਹ ਰੱਖ ਕੇ ਤਿੰਨ ਘੰਟਿਆਂ ਲਈ ਆਵਾਜਾਈ ਠੱਪ ਕਰ ਦਿੱਤੀ। ਇਸ ਮੌਕੇ ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਡੀਐੱਸਪੀ (ਰੂਰਲ) ਗੁਰਦੇਵ ਧਾਲੀਵਾਲ ਦੀ ਅਗਵਾਈ ਹੇਠ ਪੁਲੀਸ ਮੌਕੇ ’ਤੇ ਪਹੁੰਚੀ ਹੋਈ ਸੀ। ਇਸ ਮਾਮਲੇ ਨਾਲ ਨਜਿੱਠਣ ਲਈ ਅਤੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਲਈ ਐੱਸਡੀਐੱਮ ਡਾ. ਇਸ਼ਮਤ ਵਿਜੈ ਸਿੰਘ ਅਤੇ ਮੰਡੀ ਬੋਰਡ ਦੇ ਐਕਸੀਅਨ ਭੁਪਿੰਦਰ ਸਿੰਗਲਾ ਵੀ ਉਚੇਚੇ ਤੌਰ ’ਤੇ ਹਾਜ਼ਰ ਸਨ। ਪੁਲੀਸ ਨੇ ਸਥਿਤੀ ’ਤੇ ਕਾਬੂ ਹੇਠ ਰੱਖਿਆ ਪਰ ਮੰਗਾਂ ਨੂੰ ਲੈ ਕੇ ਕਿਸਾਨ ਆਗੂਆਂ ਅਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਰੇੜਕਾ ਕਾਫੀ ਦੇਰ ਚਲਿਆ ਜਿਸ ਕਾਰਨ ਕਰੀਬ ਤਿੰਨ ਘੰਟਿਆਂ ਤੱਕ ਇਥੇ ਧਰਨਾ ਜਾਰੀ ਰਿਹਾ। ਅਖੀਰ ਵਿੱਚ ਦੋਵਾਂ ਧਿਰਾਂ ਦਰਮਿਆਨ ਮੰਗਾਂ ’ਤੇ ਬਣੀ ਸਹਿਮਤੀ ਮਗਰੋਂ ਧਰਨਾ ਸਮਾਪਤ ਕਰ ਦਿੱਤਾ ਗਿਆ ਅਤੇ ਦੇਰ ਸ਼ਾਮ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਇਸ ਧਰਨੇ ਦੀ ਅਗਵਾਈ ਮੁੱਖ ਤੌਰ ’ਤੇ ਕਿਸਾਨ ਯੂਨੀਅਨ ਉਗਰਾਹਾਂ ਅਤੇ ਕਿਸਾਨ ਯੂਨੀਅਨ ਭਟੇੜੀ ਦੇ ਆਗੂਆਂ ਸਮੇਤ ਪਿੰਡ ਦੇ ਹੋਰ ਮੋਹਤਬਰਾਂ ਵੱਲੋਂ ਸਾਂਝੇ ਤੌਰ ’ਤੇ ਕੀਤੀ ਜਾ ਰਹੀ ਸੀ। ਇਨ੍ਹਾਂ ਮੋਹਤਬਰਾਂ ਨੇ ਸੜਕ ’ਤੇ ਉਸਾਰੀ ਅਧੀਨ ਪੁਲੀ ਨੂੰ ਹਾਦਸੇ ਦਾ ਮੁੱਖ ਕਾਰਨ ਦੱਸਿਆ। ਇਸੇ ਦੌਰਾਨ ਪੀੜਤ ਪਰਿਵਾਰ ਲਈ ਯੋਗ ਮੁਆਵਜ਼ੇ ਸਮੇਤ ਹੋਰ ਮੰਗਾਂ ਦੀ ਪੂਰਤੀ ’ਤੇ ਜ਼ੋਰ ਦਿੱਤਾ ਗਿਆ। ਅਸਲ ’ਚ ਮੰਗਲਵਾਰ ਰਾਤ ਜਦੋਂ ਬੰਟੀ ਪੰਚ ਪਿੰਡ ਨੂੰ ਜਾ ਰਿਹਾ ਸੀ, ਤਾਂ ਉਸ ਦਾ ਮੋਟਰਸਾਈਕਲ ਇਸ ਪੁਲੀ ਦੇ ਉਸ ਪਾਸੇ ਜਾ ਵੱਜਿਆ ਜਿਥੇ ਅਜੇ ਪੁਲੀ ਬਣਾਉਣ ਦਾ ਕੰਮ ਚੱਲਦਾ ਹੋਣ ਕਾਰਨ ਸਰੀਏ ਵੀ ਉਤਾਂਹ ਨੂੰ ਖੜ੍ਹੇ ਸਨ।
ਮੁਆਵਜ਼ੇ ਸਬੰਧੀ ਅਧਿਕਾਰੀਆਂ ਦੇ ਬਿਆਨਾਂ ’ਚ ਵਖਰੇਵੇਂ
ਪੰਚ ਰਛਪਾਲ ਸਿੰਘ ਬੰਟੀ ਦੇ ਵਾਰਸਾਂ ਨੂੰ ਸਰਕਾਰ ਤਰਫ਼ੋਂ ਰਾਹਤ ਫੰਡ ਦੇਣ ਸਬੰਧੀ ਪ੍ਰਦਰਸ਼ਨਕਾਰੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਾਲੇ ਬਣੀ ਸਹਿਮਤੀ ਬਾਬਤ ਕਿਸਾਨ ਆਗੂਆਂ ਅਤੇ ਅਧਿਕਾਰੀਆਂ ਦੇ ਦਾਅਵਿਆਂ ’ਚ ਵਖਰੇਵੇਂ ਹਨ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਬਲਾਕ ਸਨੌਰ ਦੇ ਪ੍ਰਧਾਨ ਹਰਪ੍ਰੀਤ ਸਿੰਘ ਦੌਣਕਲਾਂ ਨੇ ਕਿਹਾ ਕਿ ਇਸ ਧਰਨੇ ’ਚ ਸ਼ਾਮਲ ਰਹੀਆਂ ਸਾਰੀਆਂ ਧਿਰਾਂ ਅਤੇ ਪਿੰਡ ਵਾਸੀਆਂ ਨੇ ਮੰਗ ਰੱਖੀ ਸੀ ਕਿ ਮ੍ਰਿਤਕ ਦੀ ਪਤਨੀ ਨੂੰ ਯੋਗਤਾ ਅਨੁਸਾਰ ਪੰਜਾਬ ਮੰਡੀ ਬੋਰਡ ’ਚ ਨੌਕਰੀ ਦੇਣ ਅਤੇ ਪੀੜਤ ਪਰਿਵਾਰ ਲਈ ਮੁੱਖ ਮੰਤਰੀ ਕੋਟੇ ਵਿੱਚੋਂ ਰਾਹਤ ਫੰਡ ਯਕੀਨੀ ਬਣਾਉਣ ਸਮੇਤ ਇਸ ਪੁਲੀ ਦੇ ਅਧਵਾਟੇ ਰਹਿਣ ਲਈ ਜਿੰਮੇਵਾਰ ਵਿਅਕਤੀਆਂ ਖਿਲਾਫ਼ ਕਾਰਵਾਈ ਯਕੀਨੀ ਬਣਾਈ ਜਾਵੇ। ਕਿਸਾਨ ਆਗੂ ਹਰਪ੍ਰੀਤ ਦੌਣ ਸਮੇਤ ਕੁਝ ਹੋਰਨਾਂ ਦਾ ਕਹਿਣਾ ਹੈ ਕਿ ਐੱਸਡੀਐੱਮ ਡਾ. ਇਸ਼ਮਤ ਵਿਜੈ ਸਿੰਘ ਵੱਲੋਂ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਹਾਮੀ ਭਰੇ ਜਾਣ ਤੋਂ ਬਾਅਦ ਹੀ ਧਰਨਾ ਚੁੱਕਿਆ ਗਿਆ ਸੀ। ਪੱਤਰਕਾਰਾਂ ਨੇ ਜਦੋਂ ਐੱਸਡੀਐੱਮ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਤਰਕ ਸੀ ਕਿ ਇਹ ਮਾਮਲਾ ਪੰਜਾਬ ਮੰਡੀ ਬੋਰਡ ਨਾਲ ਜੁੜਿਆ ਹੋਇਆ ਹੈ, ਜਿਸ ਕਰਕੇ ਇਸ ਬਾਬਤ ਪ੍ਰਦਸ਼ਨਕਾਰੀ ਧਿਰ ਨਾਲ ਸਮੁੱਚੀ ਗੱਲਬਾਤ ਪੰਜਾਬ ਮੰਡੀ ਬੋਰਡ ਦੇ ਇਸ ਖੇਤਰ ਦੇ ਐਕਸੀਅਨ ਵੱਲੋਂ ਕੀਤੀ ਗਈ ਹੈ। ਮੰਡੀ ਬੋਰਡ ਦੇ ਐਕਸੀਅਨ ਨੇ ਇਸ ਸਬੰਧੀ ਪੀੜਤ ਧਿਰ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵਾਅਦਾ ਕੀਤੇ ਹੋਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਐੱਸਡੀਐੱਮ ਦੀ ਜੋ ਵੀ ਹਦਾਇਤ ਹੋਵੇਗੀ ਉਸ ’ਤੇ ਵਿਚਾਰ ਕਰਨਗੇੇ। ਇਸੇ ਦੌਰਾਨ ਪੁਲੀਸ ਚੌਕੀ ਬਹਾਦਰਗੜ੍ਹ ਦੇ ਇੰਚਾਰਜ ਬਲਜਿੰਦਰ ਸਿੰਘ ਨੇ ਕਿਹਾ ਕਿ ਘਟਨਾਕ੍ਰਮ ਬਾਬਤ ਅਜੇ ਤੱਕ ਪੁਲੀਸ ਕੋਲ ਸ਼ਿਕਾਇਤ ਨਹੀਂ ਆਈ।