ਗੁਰਨਾਮ ਚੌਹਾਨ
ਪਾਤੜਾਂ, 26 ਜੂਨ
ਕਿਸਾਨਾਂ ਵੱਲੋਂ ਝੋਨੇ ਦੀ ਲਵਾਈ ਸਮੇਂ ਮਹਿੰਗੀ ਮਜ਼ਦੂਰੀ ਦਾ ਬਦਲ ਲੱਭਣ ਲਈ ਝੋਨੇ ਦੀ ਸਿੱਧੀ ਬਿਜਾਈ, ਖੇਲਾਂ ਉਤੇ ਝੋਨੇ ਦੀ ਲਵਾਈ, ਸੁੱਕੀ ਜ਼ਮੀਨ ਵਿੱਚ ਮਸ਼ੀਨ ਰਾਹੀਂ ਬਿਜਾਈ ਜਾਂ ਤਰ ਵੱਤਰ ਮਸ਼ੀਨ ਰਾਹੀਂ ਬਿਜਾਈ ਦੇ ਤਜਰਬੇ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਬਸਿਡੀ ਉੱਤੇ ਪੈਡੀ ਟਰਾਂਸਪਲਾਂਟਰ ਖ਼ਰੀਦਣ ਅਤੇ ਇਨ੍ਹਾਂ ਰਹੀ ਜੀਰੀ ਦੀ ਬਿਜਾਈ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਸੀ ਪਰ ਤਿੰਨ ਸਾਲਾਂ ਤੋਂ ਕਿਸਾਨਾਂ ਨੂੰ ਸਬਸਿਡੀ ਨਹੀਂ ਮਿਲੀ। ਕਿਸਾਨ ਸਬਸਿਡੀ ਲੈਣ ਲਈ ਮਾਰੇ ਮਾਰੇ ਫਿਰ ਰਹੇ ਹਨ।
ਕਿਸਾਨ ਸੁਖਵਿੰਦਰ ਸਿੰਘ ਝੱਬਰ ਨੇ ਦੱਸਿਆ ਕਿ ਉਨ੍ਹਾਂ ਤਿੰਨ ਸਾਲ ਪਹਿਲਾਂ ਪੈਡੀ ਟਰਾਂਸਪਲਾਂਟਰ ਖ਼ਰੀਦਿਆ ਸੀ ਤੇ ਉਸ ਨਾਲ ਹਰ ਸਾਲ ਝੋਨੇ ਦੀ ਲਵਾਈ ਕੀਤੀ ਜਾਂਦੀ ਹੈ । ਇਹ ਇਕ ਦਿਨ ਵਿਚ ਛੇ ਸੱਤ ਏਕੜ ਝੋਨੇ ਦੀ ਲਵਾਈ ਕਰਨ ਦੇ ਸਮਰੱਥ ਹੈ ਅਤੇ ਇਕ ਏਕੜ ਝੋਨਾ ਲਾਉਣ ਵੇਲੇ ਮਹਿਜ਼ ਦੋ ਸੌ ਰੁਪਏ ਦਾ ਤੇਲ ਲਗਦਾ ਹੈ। ਉਨ੍ਹਾਂ ਕਿਹਾ ਕਿ ਪੈਡੀ ਟਰਾਂਸਪਲਾਂਟਰ ਉੱਤੇ ਸਰਕਾਰ ਨੇ 50 ਫ਼ੀਸਦੀ ਸਬਸਿਡੀ ਦੇਣ ਦਾ ਵਾਅਦਾ ਕੀਤਾ ਸੀ। ਖੇਤੀਬਾੜੀ ਵਿਭਾਗ ਵੱਲੋਂ ਫਾਰਮ ਭਰਵਾਏ ਜਾਣ ਦੇ ਬਾਵਜੂਦ ਅਜੇ ਤੱਕ ਸਬਸਿਡੀ ਨਹੀਂ ਮਿਲੀ। ਸਬਸਿਡੀ ਦੀ ਪ੍ਰਾਪਤੀ ਲਈ ਉਨ੍ਹਾਂ ਵਲੋਂ ਕੋਸ਼ਿਸ਼ ਕੀਤੇ ਜਾਣ ਤੇ ਲਾਰਿਆਂ ਤੋਂ ਸਵਾਏ ਦੇ ਕੁਝ ਪੱਲੇ ਨਹੀਂ ਪੈ ਰਿਹਾ। ਉਨ੍ਹਾਂ ਭਗਵੰਤ ਮਾਨ ਸਰਕਾਰ ਤੋਂ ਤਿੰਨ ਸਾਲ ਤੋਂ ਰੁਕੀ ਸਬਸਿਡੀ ਦਾ ਭੁਗਤਾਨ ਜਾਰੀ ਕਰਨ ਦੀ ਮੰਗ ਕੀਤੀ।