ਸੁਭਾਸ਼ ਚੰਦਰ
ਸਮਾਣਾ, 22 ਜੂਨ
ਇੱਥੇ ਇਲਾਕੇ ਵਿੱਚ ਬਰਸਾਤ ਤੇ ਪਾਵਰਕੌਮ ਵੱਲੋਂ ਖੇਤਾਂ ਲਈ ਅੱਠ ਘੰਟੇ ਲਗਾਤਾਰ ਦਿੱਤੀ ਜਾ ਰਹੀ ਬਿਜਲੀ ਸਪਲਾਈ ਨਾਲ ਕਿਸਾਨਾਂ ਵੱਲੋਂ ਝੋਨੇ ਦੀ ਲਵਾਈ ਲਈ ਖੇਤਾਂ ਨੂੰ ਤਿਆਰ ਕੀਤਾ ਹੋਇਆ ਹੈ, ਪਰ ਮਜ਼ਦੂਰਾਂ ਦੀ ਘਾਟ ਕਾਰਨ ਕਿਸਾਨ ਕਾਫ਼ੀ ਪ੍ਰੇਸ਼ਾਨ ਹਨ। ਅਗਾਂਹ ਵਧੂ ਕਿਸਾਨ ਚਮਕੌਰ ਸਿੰਘ ਜਿਸ ਨੇ ਜਾਪਾਨ ਕੰਪਨੀ ਵੱਲੋਂ ਬਣਾਈ ਕੰਪੋਟਾ ਕੰਪਨੀ ਦੀ ਪੈਡੀ ਟਰਾਂਸਪਲਾਂਟਰ ਮਸ਼ੀਨ ਖੇਤੀ ਵਿਭਾਗ ਵਾਲਿਆਂ ਦੇ ਸੁਝਾਅ ਨਾਲ ਤਿੰਨ ਸਾਲ ਪਹਿਲਾਂ ਚਾਰ ਲੱਖ ਰੁਪਏ ਵਿਚ ਕੰਪਨੀ ਤੋਂ ਖਰੀਦ ਕੀਤੀ ਸੀ। ਵਿਭਾਗ ਵੱਲੋਂ ਪੰਜਾਹ ਫ਼ੀਸਦੀ ਸਬਸਿਡੀ ਦੇਣ ਦਾ ਵਾਅਦਾ ਕੀਤਾ ਸੀ ਪਰ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਸਬਸਿਡੀ ਨਹੀਂ ਮਿਲੀ। ਕਿਸਾਨ ਚਮਕੌਰ ਸਿੰਘ ਨੇ ਦੱਸਿਆ ਕਿ ਹੱਥ ਨਾਲ ਅੱਠ ਮਜ਼ਦੂਰ ਇਕ ਏਕੜ ਰਕਬੇ ਵਿੱਚ ਜੀਰੀ ਲਗਾ ਸਕਦੇ ਹਨ ਤੇ ਮਸ਼ੀਨ ਪੰਜ ਮਜ਼ਦੂਰਾਂ ਨਾਲ ਪੰਜ ਏਕੜ ਜ਼ਮੀਨ ਵਿੱਚ ਜੀਰੀ ਲਗਾ ਦਿੰਦੀ ਹੈ। ਇਸ ਲਈ ਆਮ ਪੌਦ ਦੀ ਪੈਦਾਵਾਰ ਕਰਨ ਨਾਲੋਂ ਦੁੱਗਣਾ ਖ਼ਰਚ ਕਰਕੇ ਵੱਖਰੀ ਪੌਦ ਲਾਉਣੀ ਪੈਂਦੀ ਹੈ। ਇਸ ਤਰ੍ਹਾਂ ਜੀਰੀ ਲਗਾਉਣ ਨਾਲ ਝਾੜ ਵੀ ਵੱਧ ਨਿਕਲਦਾ ਹੈ। ਉਧਰ ਖੇਤੀਬਾੜੀ ਅਫਸਰ ਕੁਲਦੀਪ ਇੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮਸ਼ੀਨ ਨਾਲ ਝੋਨਾ ਲਗਾ ਕੇ ਲੇਬਰ ਦੀ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ। ਸਬਸਿਡੀ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣੀ ਸੀ ਕਿਸਾਨਾਂ ਨੂੰ ਸਬਸਿਡੀ ਦਿਵਾਉਣ ਲਈ ਵਿਭਾਗ ਵੱਲੋਂ ਪੈਰਵਾਈ ਕੀਤੀ ਜਾ ਰਹੀ ਹੈ।ਕਿਸਾਨਾਂ ਨੂੰ ਸਬਸਿਡੀ ਜਲਦੀ ਦਿੱਤੀ ਜਾਵੇਗੀ।
ਮਜ਼ਦੂਰਾਂ ਦਾ ਮੂੰਹ ਮਿੱਠਾ ਕਰਵਾ ਕੇ ਪਨੀਰੀ ਲੁਆਉਣ ਦੀ ਸ਼ੁਰੂਆਤ
ਘਨੌਰ (ਪੱਤਰ ਪ੍ਰੇਰਕ): ਇਸ ਖਿੱਤੇ ਵਿੱਚ 17 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੋ ਗਈ ਹੈ। ਇਹ ਵੀ ਇਤਫਾਕ ਰਿਹਾ ਕਿ 17 ਜੂਨ ਤੋਂ ਹੀ ਇਸ ਖਿੱਤੇ ਵਿੱਚ ਰੁੱਕ ਰੁੱਕ ਕੇ ਹਲਕੀ ਤੇ ਦਰਮਿਆਨੀ ਬਾਰਿਸ਼ ਹੋ ਰਹੀ ਹੈ। ਇੱਥੇ ਅੱਜ ਕਿਸਾਨਾਂ ਨੇ ਝੋਨੇ ਦੀ ਪਨੀਰੀ ਲੁਆਉਣ ਦੀ ਸ਼ੁਰੂਆਤ ਮਜ਼ਦੂਰਾਂ ਨੂੰ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਕੀਤੀ।