ਬਹਾਦਰ ਸਿੰਘ
ਰਾਜਪੁਰਾ, 17 ਜੂਨ
ਇਸ ਖਿੱਤੇ ਵਿੱਚ ਬੀਤੀ ਰਾਤ ਤੋਂ ਅੱਜ ਦਿਨ ਭਰ ਹੋਈ ਭਰਵੀਂ ਬਾਰਿਸ਼ ਨਾਲ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉਥੇ ਅੱਜ ਤੋਂ ਝੋਨੇ ਦੀ ਲਵਾਈ ਸ਼ਰੂ ਕਰ ਰਹੇ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕ ਪਰਤ ਆਈ। ਬਾਰਿਸ਼ ਦਾ ਲਾਹਾ ਲੈਂਦਿਆ ਕਿਸਾਨਾਂ ਨੇ ਝੋਨੇ ਦੀ ਲਵਾਈ ਲਈ ਖੇਤਾਂ ਵਿੱਚ ਟਿਊਬਵੈਲਾਂ ਦਾ ਪਾਣੀ ਛੱਡ ਕੇ ਖੇਤਾਂ ਨੂੰ ਟਰੈਕਟਰ ਨਾਲ ਕੱਦੂ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਸ ਤੋਂ ਇਲਾਵਾ ਇਸ ਬਾਰਿਸ਼ ਨਾਲ ਹਰਾ ਚਾਰਾ ਚਰੀ ਅਤੇ ਮੱਕੀ ਸਮੇਤ ਸਾਉਣੀ ਦੀ ਹੋਰ ਫਸਲਾਂ ਬੀਜਣ ਵਾਲੇ ਕਿਸਾਨਾਂ ਨੂੰ ਕਾਫੀ ਰਾਹਤ ਮਿਲੇਗੀ। ਖਾਲੀ ਪਈਆਂ ਜ਼ਮੀਨਾਂ ਦੀ ਵਹਾਈ ਹੋ ਸਕੇਗੀ। ਇਸੇ ਦੌਰਾਨ ਬਾਰਿਸ਼ ਦੇ ਪਾਣੀ ਦੀ ਢੁਕਵੀਂ ਨਿਕਾਸੀ ਨਾ ਹੋਣ ਕਾਰਨ ਸ਼ਹਿਰ ਦੇ ਬਾਜ਼ਾਰ ਦੀਆਂ ਸੜਕਾਂ ਅਤੇ ਰਿਹਾਇਸ਼ੀ ਕਾਲੋਨੀਆਂ ਦੀਆਂ ਸੜਕਾਂ ’ਤੇ ਪਾਣੀ ਜਮ੍ਹਾਂ ਹੋ ਗਿਆ। ਇਸ ਕਾਰਨ ਰਾਹਗੀਰਾਂ ਖਾਸ ਕਰਕੇ ਬਾਜ਼ਾਰ ਵਿੱਚ ਖਰੀਦਦਾਰੀ ਕਰਨ ਆਏ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਟਾਊਨ ਨੂੰ ਲੁਧਿਆਣਾ-ਅੰਬਾਲਾ ਜੀ.ਟੀ ਰੋਡ ਨਾਲ ਜੋੜਨ ਵਾਲੇ ਪੁਰਾਣੇ ਅੰਡਰਬ੍ਰਿਜ ਵਿੱਚ ਪਾਣੀ ਭਰ ਗਿਆ ਜਿਸ ਨਾਲ ਵਾਹਨ ਚਾਲਕਾਂ ਨੂੰ ਨਵੇਂ ਅੰਡਰਬ੍ਰਿਜ ਅਤੇ ਦੂਰ ਦੁਰਾਡੇ ਤੋਂ ਘੁੰਮ ਕੇ ਆਪਣੀ ਮੰਜ਼ਿਲ ਵੱਲ ਜਾਣਾ ਪਿਆ।
ਡਕਾਲਾ (ਮਾਨਵਜੋਤ ਭਿੰਡਰ): ਇਲਾਕੇ ’ਚ ਝੋਨੇ ਦੇ ਸੀਜ਼ਨ ਦੇ ਪਹਿਲੇ ਦਿਨ ਪਈ ਬਾਰਸ਼ ਤੋਂ ਕਿਸਾਨ ਖੁਸ਼ ਹਨ। ਮੀਂਹ ਨਾਲ ਤਪਸ਼ ਤੇ ਗਰਮੀ ਤੋਂ ਲੋਕਾਂ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ। ਅੱਜ ਵੱਡੇ ਤੜਕੇ ਤੇ ਫਿਰ ਦਿਨ ’ਚ ਰੁਕ-ਰੁਕ ਹੋਈ ਬਾਰਿਸ਼ ਨੇ ਝੋਨੇ ਦੀ ਲਵਾਈ ਦੇ ਕੰਮ ਨੂੰ ਕਾਫ਼ੀ ਸੁਖਾਲਾ ਬਣਾ ਦਿੱਤਾ ਹੈ। ਝੋਨੇ ਤੋਂ ਇਲਾਵਾ ਹੋਰ ਫ਼ਸਲਾਂ ਨੂੰ ਵੀ ਮੀਂਹ ਤੋਂ ਕਾਫੀ ਰਾਹਤ ਮਿਲੀ ਹੈ। ਝੋਨਾ ਲਾਉਣ ਵਾਲੇ ਮਜ਼ਦੂਰ ਠੰਢੇ ਮੌਸਮ ਤੋਂ ਖ਼ੁਸ਼ ਦਿਖਾਈ ਦਿੱਤੇ।
ਪਹਿਲੀ ਬਾਰਿਸ਼ ਨਾਲ ਹੀ ਪਟਿਆਲਾ ਦਿਹਾਤੀ ਦਾ ਬੁਰਾ ਹਾਲ
ਪਟਿਆਲਾ (ਗੁਰਨਾਮ ਅਕੀਦਾ): ਸੀਜ਼ਨ ਦੀ ਪਹਿਲੀ ਬਾਰਿਸ਼ ਨੇ ਪਟਿਆਲਾ ਦਿਹਾਤੀ ਦੇ ਸ਼ਹਿਰੀ ਹਲਕੇ ਵਿੱਚ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ। ਮੌਕੇ ਦਾ ਜਾਇਜ਼ਾ ਲੈਣ ਲਈ ਹਲਕੇ ਦੇ ਵਿਧਾਇਕ ਡਾ. ਬਲਬੀਰ ਸਿੰਘ ਪੁੱਜੇ, ਉਨ੍ਹਾਂ ਕਿਹਾ ਕਿ ਇਹ ਸਮੱਸਿਆ ਬਹੁਤ ਪੁਰਾਣੀ ਹੈ, ਇਸ ਦਾ ਹੱਲ ਜਲਦੀ ਕਰ ਲਿਆ ਜਾਵੇਗਾ। ਵਿਧਾਇਕ ਨੇ ਅੱਜ ਮੀਂਹ ਨਾਲ ਜਨਤਾ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦਾ ਸਰਵੇਖਣ ਕਰਨ ਲਈ ਹਲਕੇ ਦਾ ਦੌਰਾ ਕੀਤਾ। ਇਸ ਮੌਕੇ ਨਿਗਮ ਦੀ ਟੀਮ ਵੀ ਨਾਲ ਸੀ। ਗੁਰਬਖ਼ਸ਼ ਕਾਲੋਨੀ, ਅਨੰਦ ਨਗਰ, ਦਸਮੇਸ਼ ਨਗਰ,ਤ੍ਰਿਪੜੀ, ਰਣਜੀਤ ਨਗਰ ਆਦਿ ਕਈ ਸਾਰੇ ਇਲਾਕਿਆਂ ਵਿੱਚ ਪੁੱਜ ਕੇ ਪਾਣੀ ਦੀ ਨਿਕਾਸੀ ਦਾ ਬੁਰਾ ਹਾਲ ਦੇਖ ਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਪਿਛਲੀਆਂ ਸਰਕਾਰਾਂ ਵੱਲੋਂ ਗੈਰ ਯੋਜਨਾ ਨਾਲ ਕੀਤੇ ਗਏ ਕੰਮ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਫੂਲਕੀਆਂ ਐਨਕਲੇਵ ਮਹਿੰਗੀ ਕਲੋਨੀ ਹੈ ਪਰ ਦੁੱਖ ਦੀ ਗੱਲ ਹੈ ਕਿ ਇਸ ਕਲੋਨੀ ਦੀ ਉਸਾਰੀ ਤੋਂ ਪਹਿਲਾਂ ਸਰਕਾਰੀ ਏਜੰਸੀ ਵੱਲੋਂ ਕੋਈ ਵੀ ਪੁਖ਼ਤਾ ਪ੍ਰਬੰਧ ਨਹੀਂ ਕੀਤਾ ਗਿਆ ਜਿਸ ਕਰਕੇ ਥੋੜ੍ਹੀ ਜਿਹੀ ਬਾਰਿਸ਼ ਵੀ ਲੋਕਾਂ ਨੂੰ ਪ੍ਰੇਸ਼ਾਨੀ ਵਿੱਚ ਪਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਬਾਰਸ਼ ਦੇ ਪਾਣੀ ਨਾਲ ਆਉਣ ਵਾਲੀਆਂ ਦਿੱਕਤਾਂ ਦਾ ਪੂਰਨ ਹੱਲ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਇਹ ਵੀ ਕਿਹਾ ਕਿ ਜੇਕਰ ਕਿਸੇ ਇਲਾਕੇ ਚ’ ਅਜਿਹੀ ਕੋਈ ਸਮੱਸਿਆ ਹੈ ਤਾਂ ਤ੍ਰਿਪੜੀ ਵਿਚ ਸਥਿਤ ਵਿਧਾਇਕ ਦੇ ਦਫ਼ਤਰ ਵਿਚ ਇੱਕ ਦਰਖਾਸਤ ਦੇ ਰੂਪ ਵਿੱਚ ਆਪਣੀ ਸ਼ਿਕਾਇਤ ਲਿਖ ਕੇ ਦਿੱਤੀ ਜਾਵੇ ਤਾਂ ਜੋ ਉਸ ਦਾ ਹੱਲ ਕੀਤਾ ਜਾ ਸਕੇ।