ਖੇਤਰੀ ਪ੍ਰਤੀਨਿਧ
ਪਟਿਆਲਾ, 9 ਜੂਨ
ਮਨੁੱਖ ਵੱਲੋੋਂ ਕੁਦਰਤ ਨਾਲ਼ ਕੀਤੀ ਜਾ ਰਹੀ ਛੇੜਛਾੜ ਦੇ ਚੱਲਦਿਆਂ ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ਼ ਹੇਠਾਂ ਨੂੰ ਜਾਣ ਲੱਗਾ ਹੈ। ਇਸ ਦੇ ਚੱਲਦਿਆਂ ਹੀ ਸਰਕਾਰ ਵੱਲੋਂ ਪਾਣੀ ਦੀ ਬੱਚਤ ਲਈ ਕਈ ਤਰ੍ਹਾਂ ਦੇ ਉਪਾਅ ਕੀਤੇ ਜਾ ਰਹੇ ਹਨ। ਇਸ ਕੜੀ ਵਜੋਂ ਹੀ ਵਧੇਰੇ ਪਾਣੀ ਦੀ ਖ਼ਪਤ ’ਤੇ ਆਧਾਰਿਤ ਝੋਨੇ ਦੀ ਲਵਾਈ ਲਈ ਵੀ ਕੁਝ ਸਾਲਾਂ ਤੋਂ ਸਰਕਾਰ ਸਮਾਂ ਨਿਰਧਾਰਿਤ ਕਰਨ ਲੱਗੀ ਹੈ। ਭਾਵੇੇਂ ਕਿ ਪਟਿਆਲਾ ਸਣੇ ਕਈ ਹੋਰ ਖੇਤਰਾਂ ਵਿਚ ਟਾਵੇਂ ਟਾਵੇਂ ਕਿਸਾਨ ਵੱਲੋਂ ਸਰਕਾਰ ਦੀਆਂ ਇਨ੍ਹਾਂ ਹਦਾਇਤਾਂ ਨੂੰ ਨਜ਼ਰਅੰਦਾਜ਼ ਕਰਦਿਆਂ, ਆਪਣੇ ਖੇਤਾਂ ਵਿਚ ਝੋਨਾ ਲਾਇਆ ਹੋਇਆ ਹੈ, ਪਰ ਮੁੱਖ ਰੂਪ ਵਿਚ ਪੰਜਾਬ ਭਰ ਵਿਚ ਝੋਨੇ ਦੀ ਅਧਿਕਾਰਤ ਤੌਰ ’ਤੇ ਲਵਾਈ ਦਾ ਕੰਮ 10 ਜੂਨ ਤੋਂ ਹੀ ਸ਼ੁਰੂ ਹੋ ਰਿਹਾ ਹੈ। ਇਸ ਲਈ ਸਰਕਾਰ ਵੱਲੋਂ ਲੋੜੀਂਦੀ ਬਿਜਲੀ ਸਣੇ ਹੋਰ ਸਾਰੇ ਪ੍ਰਬੰਧ ਮੁਕੰਮਲ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਉਂਜ ਝੋਨੇ ਦੀ ਸਿੱਧੀ ਬਿਜਾਈ ਲਈ ਤਾਂ ਸਰਕਾਰ ਨੇ ਪਹਿਲਾਂ ਹੀ ਪ੍ਰਵਾਨਗੀ ਦੇ ਦਿੱਤੀ ਸੀ। ਖੇਤੀਬਾੜੀ ਵਿਭਾਗ ਦਾ ਐਤਕੀਂ 10 ਲੱਖ ਹੈਕਟੇਅਰ ਵਿਚ ਝੋਨੇ ਦੀ ਸਿੱਧੀ ਬਿਜਾਈ ਅਤੇ ਪੰਜ ਕੁ ਲੱਖ ਹੈਕਟੇਅਰ ’ਚ ਬਾਸਮਤੀ ਦਾ ਟੀਚਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਸੁਖਦੇਵ ਸਿੰਘ ਬਰਾੜ ਨੇ ਕਿਹਾ ਕਿ ਦੋਵੇਂ ਵਰਗਾਂ ਦੇ ਝੋਨੇ ਸਣੇ ਐਤਕੀਂ ਪੰਜਾਬ ਭਰ ’ਚ 30.20 ਲੱਖ ਹੈਕਟੇਅਰ ਰਕਬੇ ’ਚ ਝੋਨਾ ਲਾਇਆ ਜਾਣਾ ਹੈ। ਉਨ੍ਹਾਂ ਦੱਸਿਆ ਕਿ ਇਸ ਵਕਤ ਪੰਜਾਬ ਅੰਦਰ 14 ਲੱਖ ਦੇ ਕਰੀਬ ਟਿਊਬਵੈੱਲ ਹਨ ਤੇ ਝੋਨੇ ਦੀ ਲਵਾਈ ਸਬੰਧੀ ਲੋੜੀਂਦੀ ਬਿਜਲੀ ਦੇ ਪ੍ਰਬੰਧ ਵੀ ਕਰ ਲਏ ਗਏ ਹਨ। ਪੰਜਾਬ ਵਿਚ ਭਲਕੇ 10 ਜੂਨ ਤੋਂ ਝੋਨੇ ਦੀ ਲਵਾਈ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ। ਸਰਕਾਰ ਵੱਲੋਂ ਅੱਠ ਘੰਟੇ ਬਿਜਲੀ ਸਪਲਾਈ ਦੇ ਇੰਤਜਾਮ ਕੀਤੇ ਜਾ ਚੁੱਕੇ ਹਨ।
ਅਗੇਤਾ ਝੋਨਾ ਲਾਉਣ ਵਾਲੇ ਕਿਸਾਨ ਕਸੂਤੇ ਫਸੇ
ਇਸੇ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਕਈ ਪਿੰਡਾਂ ਵਿਚ ਕਿਸਾਨਾਂ ਵੱਲੋਂ ਅਗਾਊਂ ਹੀ ਝੋਨੇ ਦੀ ਲੁਆਈ ਸ਼ੁਰੂ ਕੀਤੀ ਜਾ ਚੁੱਕੀ ਹੈ। ਖ਼ਾਸ ਕਰ ਕੇ ਜ਼ਿਲ੍ਹੇ ਦਾ ਕੌਲੀ ਖੇਤਰ ਹਮੇਸ਼ਾਂ ਹੀ ਮੋਹਰੀ ਰਹਿੰਦਾ ਹੈ। ਉਂਜ ਸਰਕਾਰ ਵੱਲੋਂ ਝੋਨੇ ਲਈ ਬਿਜਲੀ 10 ਤੋਂ ਛੱਡੇ ਜਾਣ ਦੇ ਚੱਲਦਿਆਂ ਅਗਾਊ ਝੋਨਾ ਲਾ ਬੈਠੇ ਕਿਸਾਨਾ ਨੂੰ ਕਾਫ਼ੀ ਤਰੱਦਦ ਕਰਨਾ ਪਿਆ ਹੈ। ਜੈਨਰੇਟਰਾਂ ਰਾਹੀਂ ਹੀ ਪਾਣੀ ਦੀ ਪੂਰਤੀ ਕੀਤੀ ਜਾ ਰਹੀ ਹੈ, ਜੋ ਮਹਿੰਗੀ ਪੈ ਰਹੀ ਹੈ। ਕਿਸਾਨ ਯੂਨੀਅਨ ਡਕੌਂਦਾ ਨੇ ਸਰਕਾਰ ਵੱਲੋਂ 10 ਜੂਨ ਤੋਂ ਝੋਨੇ ਦੀ ਲਵਾਈ ਲਈ ਰੋਜ਼ਾਨਾ 8 ਘੰਟੇ ਨਿਰਵਿਘਨ ਰਿਜਲੀ ਸਪਲਾਈ ਦੇਣ ਦੇ ਕੀਤੇ ਗਏ ਦਾਅਵੇ ਨੂੰ ਸਿਰੋਂ ਤੋਂ ਖਾਰਜ਼ ਕੀਤਾ ਹੈ। ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਦਾ ਤਰਕ ਹੈ ਕਿ ਐਤਕੀਂ ਵਧੇਰੇ ਮੁਲਾਜ਼ਮਾਂ ਅਤੇ ਅਫ਼ਸਰਾਂ ਦੇ ਸੇਵਾਮੁਕਤ ਹੋਣ ਸਰਕਾਰ ਦਾ ਦਾਅਵਾ ਝੂਠਾ ਸਾਬਿਤ ਹੋਵੇਗਾ।
ਪਾਵਰਕੌਮ ਸੀਐਮਡੀ ਵੱਲੋਂ ਪ੍ਰਬੰਧਾਂ ਲਈ ਸਮੀਖਿਆ ਬੈਠਕ
ਪਟਿਆਲਾ (ਨਿੱਜੀ ਪੱਤਰ ਪ੍ਰੇਰਕ): ਪਾਵਰਕੌਮ ਵੱਲੋਂ ਭਲਕੇ 10 ਜੂਨ ਤੋਂ ਪੈਡੀ ਸੀਜ਼ਨ-2021 ਲਈ ਅੱਠ ਘੰਟੇ ਰੋਜ਼ਾਨਾ ਬਿਜਲੀ ਆਰੰਭ ਕੀਤੀ ਜਾ ਰਹੀ ਹੈ। ਇਹ ਸਪਲਾਈ ਦਿਨ ਰਾਤ ਦੇ ਅੱਠ-ਅੱਠ ਘੰਟਿਆਂ ਦੇ ਤਿੰਨ ਗਰੁੱਪਾਂ ਵਿਚ ਹੋਵੇਗੀ, ਪਰ ਸਰਹੱਦੀ ਖੇਤਰ ਵਿਚ ਸਿਰਫ਼ ਦਿਨ ਦਾ ਸਪਲਾਈ ਗਰੁੱਪ ਹੀ ਕਾਰਜਸ਼ੀਲ ਹੋਵੇਗਾ। ਪਾਵਰਕੌਮ ਦੇ ਸੀਐਮਡੀ ਇੰਜੀ. ਏ. ਵੇਣੂ ਪ੍ਰਸਾਦ ਨੇ ਅੱਜ ਪਾਵਰਕੌਮ ਮੁੱਖ ਦਫ਼ਤਰ ਪਟਿਆਲਾ ਵਿਖੇ ਵੱਖ-ਵੱਖ ਅਧਿਕਾਰੀਆਂ ਨਾਲ ਖੇਤੀ ਬਿਜਲੀ ਸਬੰਧੀ ਪ੍ਰਬੰਧਾਂ ਦੀ ਸਮੀਖਿਆ ਵੀ ਕੀਤੀ ਗਈ। ਝੋਨੇ ਦੇ ਸੀਜਨ ਦੇ ਮੁਤੱਲਕ ਅੱਜ ਪਾਵਰਕੌਮ ਦੇ ਸੀ.ਐਮ.ਡੀ. ਇੰਜੀ. ਏ. ਵੇਣੂ ਪ੍ਰਸਾਦ ਨੇ ਖੇਤੀ ਸਪਲਾਈ ਸਬੰਧੀ ਪਾਵਰਕੌਮ ਦੇ ਵੱਖ-ਵੱਖ ਅਧਿਕਾਰੀਆਂ ਤੇ ਵਿੰਗਾਂ ਨਾਲ ਬੈਠਕ ਕਰ ਕੇ ਸਮੁੱਚੇ ਪੈਡੀ ਸੀਜ਼ਨ ਸਬੰਧੀ ਸਮੁੱਚੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ। ਮਗਰੋਂ ਸੀਐਮਡੀ ਨੇ ਦੱਸਿਆ ਕਿ ਸੂਬੇ ਦੇ ਸਾਰੇ ਖੇਤੀ ਖ਼ਪਤਕਾਰਾਂ ਨੂੰ ਰੋਜ਼ਾਨਾ ਬਿਜਲੀ ਸਪਲਾਈ ਹਰ ਸਬ ਸਟੇਸ਼ਨ ’ਤੇ ਤਿੰਨ ਸਮੂਹਾਂ ਵਿਚ ਵੰਡ ਕੀਤੀ ਗਈ ਹੈ, ਜਿਹੜੀ ਵੰਡ ਅੱਜ ਅੱਧੀ ਰਾਤ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਦੀ ਕੌਮਾਂਤਰੀ ਸਰਹੱਦ ਦੇ ਨਾਲ ਪੈਂਦੇ ਸਮੁੱਚੇ ਖੇਤੀ ਖ਼ਪਤਕਾਰਾਂ ਨੂੰ ਸਿਰਫ਼ ਦਿਨ ਦੇ ਸਮੇਂ ’ਤੇ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ, ਤਾਂ ਕਿ ਸਰਹੱਦੀ ਕਿਸਾਨਾਂ ਨੂੰ ਬਿਜਲੀ ਦੀ ਵਜ਼੍ਹਾ ਜੋਖ਼ਮ ਨਾ ਉਠਾਉਣਾ ਪਵੇ। ਸੀਐਮਡੀ ਨੇ ਦੱਸਿਆ ਕਿ ਅਦਾਰਾ ਝੋਨੇ ਦੇ ਸੀਜਨ ਦੌਰਾਨ 13,000 ਮੈਗਾਵਾਟ ਤੋਂ ਵੱਧ ਬਿਜਲੀ ਦੀ ਮੰਗ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਦੀ ਉਮੀਦ ਵਿੱਚ ਹੈ। ਉਨ੍ਹਾਂ ਕਿਹਾ ਕਿ ਪਾਵਰਕੌਮ ਨੇ ਬਿਜਲੀ ਦੀ ਮੰਗ ਲਈ ਮੌਜੂਦਾ ਸਰੋਤਾਂ ਤੋਂ ਇਲਾਵਾ, ਇਸ ਝੋਨੇ ਦੇ ਸੀਜਨ ਲਈ ਥੋੜ੍ਹੇ ਸਮੇਂ ਲਈ ਬਿਜਲੀ ਪ੍ਰਬੰਧ ਅਤੇ ਹੋਰ ਰਾਜਾਂ ਨਾਲ ਬੈਂਕਿੰਗ ਪ੍ਰਣਾਲੀ ਦੀ ਸਪਲਾਈ ਵੀ ਵਸੂਲੀ ਜਾਵੇਗੀ, ਜਿਹੜੀ ਕਿ 2700 ਮੈਗਾਵਾਟ ਪ੍ਰਤੀ ਦਿਨ ਹੋਵੇਗੀ। ਉਨ੍ਹਾਂ ਦੱਸਿਆ ਕਿ ਪੈਡੀ ਸੀਜ਼ਨ ਮੁਤੱਲਕ ਅਧਿਕਾਰੀਆਂ/ ਕਰਮਚਾਰੀਆਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਆਪਣਾ ਹੈੱਡਕੁਆਰਟਰ ਨਾ ਛੱਡਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਦੀ ਸਥਿਤੀ ਨੂੰ ਅਪਡੇਟ ਕਰਨ ਅਤੇ ਖ਼ਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਜ਼ੋਨਲ ਪੱਧਰ ਅਤੇ ਮੁੱਖ ਦਫ਼ਤਰ ਪਟਿਆਲਾ ਵਿਚ ਵਿਸ਼ੇਸ਼ ਕੰਟਰੋਲ ਰੂਮ ਸਥਾਪਤ ਕੀਤੇ ਹਨ।