ਸ਼ਾਹਬਾਜ਼ ਸਿੰਘ
ਘੱਗਾ, 6 ਅਕਤੂਬਰ
ਇਲਾਕੇ ਦੀਆਂ ਮੰਡੀਆਂ ਵਿਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ ਪਰ ਖਰੀਦ ਦੇ ਪੈਮਾਨੇ ਤਹਿਤ ਕਿਤੇ ਵੀ ਝੋਨੇ ਦੀ ਵਿਕਰੀ ਨਹੀਂ ਹੋ ਰਹੀ। ਜਾਣਕਾਰੀ ਮੁਤਾਬਕ ਬਾਦਸ਼ਾਹਪੁਰ ਮੰਡੀ ਵਿੱਚ ਪਿਛਲੇ ਚਾਰ ਪੰਜ ਦਿਨਾਂ ਤੋਂ ਝੋਨੇ ਦੀਆਂ ਢੇਰੀਆਂ ਲੱਗੀਆਂ ਪਈਆਂ ਹਨ ਅਤੇ ਇਸੇ ਤਰ੍ਹਾਂ ਹੀ ਬਕਰਾਹਾ ਦੀ ਮੰਡੀ ਵਿੱਚ ਝੋਨੇ ਦੀ ਆਮਦ ਹੋ ਚੁੱਕੀ ਹੈ। ਇਕ ਸਰਕਾਰੀ ਸੂਤਰ ਨੇ ਦੱਸਿਆ ਕਿ ਬਾਦਸ਼ਾਹਪੁਰ ਅਤੇ ਨਨਹੇੜਾ ਵਿੱਚ ਪਨਸਪ ਦੀ ਖਰੀਦ ਹੈ ਜਦੋਂਕਿ ਬਕਰਾਹਾ ਵਿੱਚ ਪਨਸਪ ਅਤੇ ਪਨਗਰੇਨ ਦੀ ਖਰੀਦ ਹੋਵੇਗੀ। ਮੰਡੀਆਂ ਵਿੱਚ ਝੋਨਾ ਲੈ ਕੇ ਆਏ ਕਿਸਾਨਾਂ ਨੇ ਦੱਸਿਆ ਕਿ ਸਰਕਾਰ ਦੀਆਂ ਸਖਤ ਖਰੀਦ ਸ਼ਰਤਾਂ ਤਹਿਤ ਕੋਈ ਖਰੀਦ ਨਹੀਂ ਹੋ ਰਹੀ।
ਇਸੇ ਦੌਰਾਨ ਬਾਦਸ਼ਾਹਪੁਰ ਮੰਡੀ ਵਿੱਚ ਖਰੀਦ ਅਧਿਕਾਰੀ ਨੇ ਦੱਸਿਆ ਕਿ ਅੱਜ 17 ਫੀਸਦੀ ਨਮੀ ਤਹਿਤ 300 ਗੱਟੇ ਦੀ ਖਰੀਦ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸਰਕਾਰੀ ਸ਼ਰਤਾਂ ਤਹਿਤ ਕੇਵਲ 17 ਫੀਸਦੀ ਨਮੀ ਵਾਲਾ ਝੋਨਾ ਹੀ ਖਰੀਦਿਆ ਜਾਣਾ ਹੈ ਜਦੋਂਕਿ ਮੌਸਮ ਦੇ ਅੰਤਰਗਤ 20 ਫੀਸਦੀ ਨਮੀ ਆਮ ਗੱਲ ਹੈ। ਬਾਦਸ਼ਾਹਪੁਰ ਮੰਡੀ ਦੇ ਆੜ੍ਹਤ ਐਸੋਸੀਏਸ਼ਨ ਦੇ ਪ੍ਰਧਾਨ ਸੁਭਾਸ਼ ਗੋਇਲ ਨੇ ਦੱਸਿਆ ਕਿ ਬੇਸ਼ਕ ਮੰਡੀਆਂ ਵਿੱਚ ਸਰਕਾਰੀ ਖਰੀਦ ਦੇ ਪ੍ਰਬੰਧ ਪੁਖਤਾ ਹਨ ਪਰ ਨਮੀ ਦੀਆਂ ਸਰਕਾਰੀ ਸ਼ਰਤਾਂ ਤਹਿਤ ਖਰੀਦ ਰੁਕੀ ਹੋਈ ਹੈ। ਉਨ੍ਹਾਂ ਦੱਸਿਆ ਕਿ ਬਾਰਦਾਨੇ ਬਾਰੇ ਹਾਲੇ ਕੁਝ ਪਤਾ ਨਹੀਂ ਹੈ। ਇਸ ਦੇ ਨਾਲ ਹੀ ਸੈਲਰ ਐਸੋਸੀਏਸ਼ਨ ਘੱਗਾ ਦੇ ਬੁਲਾਰੇ ਨਰੇਸ਼ ਬਾਂਸਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਝੋਨਾ ਸੁਕਾ ਕੇ ਮੰਡੀਆਂ ਵਿਚ ਲਿਆਂਦਾ ਜਾਵੇ ਤਾਂ ਜੋ ਕੋਈ ਦਿਕੱਤ ਨਾ ਆਵੇ।
ਝੋਨੇ ਦੀ ਉਡੀਕ ਕਰ ਰਹੇ ਨੇ ਮਜ਼ਦੂਰ
ਪਾਤੜਾਂ (ਪੱਤਰ ਪ੍ਰੇਰਕ) ਸਾਉਣੀ ਦੇ ਸੀਜ਼ਨ ਦੀ ਪ੍ਰਮੁੱਖ ਝੋਨੇ ਦੀ ਫ਼ਸਲ ਪੱਕ ਕੇ ਤਿਆਰ ਹੋ ਗਈ ਹੈ। ਕਿਸਾਨਾਂ ਨੇ ਜਿੱਥੇ ਫ਼ਸਲ ਨੂੰ ਸੰਭਾਲਣ ਦੇ ਇੰਤਜ਼ਾਮ ਕਰਦਿਆਂ ਸਾਂਭ ਸੰਭਾਲ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਹਨ, ਉਥੇ ਮੰਡੀ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਝੋਨੇ ਦੀ ਮੰਡੀ ਵਿੱਚ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਝੋਨੇ ਦੀ ਖ਼ਰੀਦ ਲਈ ਕਿਸਾਨਾਂ ਤੇ ਸਰਕਾਰ ਦਰਮਿਆਨ ਕੜੀ ਦਾ ਕੰਮ ਕਰਨ ਵਾਲੇ ਆੜ੍ਹਤੀਆਂ ਦੇ ਨਾਲ ਨਾਲ ਮੰਡੀਕਰਨ ਬੋਰਡ ਤੇ ਖ਼ਰੀਦ ਏਜੰਸੀਆਂ ਪ੍ਰਬੰਧ ਮੁਕੰਮਲ ਕੀਤੇ ਜਾਣ ਦਾ ਦਾਅਵਾ ਕਰ ਰਹੀਆਂ ਹਨ। ਮਾਰਕੀਟ ਕਮੇਟੀ ਪਾਤੜਾਂ ਅਧੀਨ ਆਉਂਦੀਆਂ ਪਾਤੜਾਂ ਤੇ ਘੱਗਾ ਦੀਆਂ ਮੰਡੀਆਂ ਸਮੇਤ ਸ਼ੁਤਰਾਣਾ, ਸੇਲਵਾਲਾ, ਗੁਲਜਾਰਪੁਰਾ ਠਰੂਆ, ਅਰਨੋਂ, ਬਕਰਾਹਾ, ਬਾਦਸ਼ਾਹਪੁਰ, ਬਨਵਾਲਾ ਆਦਿ ਸਬ ਯਾਰਡਾਂ ਉਤੇ ਝੋਨੇ ਦੀ ਖਰੀਦ ਕੀਤੀ ਜਾਂਦੀ ਹੈ। ਕਿਸਾਨਾਂ ਵੱਲੋਂ ਪੁੱਤਾਂ ਵਾਂਗ ਪਾਲ ਕੇ ਤਿਆਰ ਕੀਤੀ ਗਈ ਝੋਨੇ ਦੀ ਫ਼ਸਲ ਦੇ ਪੱਕਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ, ਉਥੇ ਹੀ ਮੰਡੀ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਮੰਡੀ ਵਿਚ ਝੋਨੇ ਦੀ ਇੰਤਜ਼ਾਰ ਕਰ ਰਹੇ ਹਨ। ਬਾਸਮਤੀ ਸਮੇਤ ਝੋਨੇ ਦੀਆਂ ਅਗੇਤੀਆਂ ਕਿਸਮਾਂ ਦੀ ਆਮਦ ਮੰਡੀ ਵਿੱਚ ਸ਼ੁਰੂ ਹੋ ਚੁੱਕੀ ਹੈ।