ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 8 ਅਕਤੂਬਰ
ਰਾਜਪੁਰਾ ਅਤੇ ਘਨੌਰ ਮਾਰਕੀਟ ਕਮੇਟੀ ਅਧੀਨ ਆਉਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ ਜ਼ੋਰਾਂ ’ਤੇ ਹੋਣ ਦੇ ਬਾਵਜੂਦ ਕੇਂਦਰੀ ਖਰੀਦ ਏਜੰਸੀ ਐੱਫ.ਸੀ.ਆਈ ਵੱਲੋਂ ਇਸ ਖੇਤਰ ਦੀ ਕਿਸੇ ਵੀ ਮੰਡੀ ਵਿੱਚੋਂ 8 ਦਿਨਾਂ ਦੌਰਾਨ ਇੱਕ ਕਿਲੋ ਵੀ ਝੋਨਾ ਨਹੀਂ ਖਰੀਦਿਆ ਗਿਆ ਜਦੋਂਕਿ ਰਾਜ ਦੀਆਂ ਏਜੰਸੀਆਂ ਵੱਲੋਂ ਖਰੀਦੇ ਗਏ ਝੋਨੇ ਦੀ ਮੰਡੀਆਂ ਵਿੱਚੋਂ ਚੁਕਾਈ ਨਾ ਹੋਣ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਰਾਜਪੁਰਾ ਦੀਆਂ ਮੰਡੀਆਂ ਵਿੱਚ ਅੱਜ ਸ਼ਾਮ ਤੱਕ ਤਿੰਨ ਲੱਖ 4 ਹਜ਼ਾਰ 410 ਕੁਇੰਟਲ ਝੋਨੇ ਦੀ ਆਮਦ ਹੋਈ ਹੈ। ਇਸ ਹਫ਼ਤੇ ਦੌਰਾਨ ਕੇਵਲ 1 ਲੱਖ ਕੁਇੰਟਲ ਝੋਨੇ ਦੀ ਚੁਕਾਈ ਹੋ ਸਕੀ ਅਤੇ ਘਨੌਰ ਦੀਆਂ ਮੰਡੀਆਂ ਵਿੱਚ ਇੱਕ ਲੱਖ 150 ਕੁਇੰਟਲ ਆਮਦ ਹੋਏ ਝੋਨੇ ਵਿੱਚੋਂ ਅਜੇ ਤੱਕ ਕੇਵਲ 20 ਹਜ਼ਾਰ 860 ਕੁਇੰਟਲ ਦੀ ਚੁਕਾਈ ਹੀ ਹੋ ਸਕੀ। ਲੋਹਸਿੰਬਲੀ ਅਤੇ ਮਰਦਾਂਪੁਰ ਸਮੇਤ ਕੁਝ ਅਨਾਜ ਖਰੀਦ ਕੇਂਦਰ ਅਜਿਹੇ ਵੀ ਹਨ ਜਿੱਥੋਂ ਅਜੇ ਤੱਕ ਝੋਨੇ ਦੀ ਇੱਕ ਬੋਰੀ ਦੀ ਵੀ ਚੁਕਾਈ ਨਹੀਂ ਹੋ ਸਕੀ। ਚੁਕਾਈ ਨਾ ਹੋਣ ਕਾਰਨ ਮੰਡੀਆਂ ਵਿੱਚ ਖਰੀਦੇ ਗਏ ਝੋਨੇ ਦੀਆਂ ਬੋਰੀਆਂ ਦੇ ਅੰਬਾਰ ਲੱਗਣ ਕਾਰਨ ਮੰਡੀਆਂ ਵਿੱਚ ਝੋਨਾ ਲੈ ਕੇ ਆ ਰਹੇ ਕਿਸਾਨਾਂ ਨੂੰ ਮੰਡੀ ਦੇ ਪੱਕੇ ਫੜ੍ਹਾਂ ਤੇ ਥਾਂ ਨਾ ਮਿਲਣ ਕਾਰਨ ਮੰਡੀ ਤੋਂ ਬਾਹਰ ਬਦਲਵੀਂ ਥਾਂ ਤੇ ਝੋਨੇ ਦੀ ਢੇਰੀ ਲਾਉਣੀ ਪੈ ਰਹੀ ਹੈ। ਇਸੇ ਦੌਰਾਨ ਘਨੌਰ ਦੇ ਅਨਾਜ ਖਰੀਦ ਕੇਂਦਰ ਸੀਲ ਅਤੇ ਜੰਡ ਮੰਗੌਲੀ ਸਮੇਤ ਹੋਰਨਾਂ ਕੁਝ ਅਨਾਜ ਖਰੀਦ ਕੇਂਦਰਾਂ ਵਿੱਚ ਮੰਡੀ ਦੇ ਮਜ਼ਦੂਰਾਂ ਵੱਲੋਂ ਆਰਜ਼ੀ ਤੌਰ ’ਤੇ ਉਸਾਰੇ ਗਏ ਪਖਾਨਿਆਂ ਦੀ ਘਾਟ ਹੋਣ ਕਾਰਨ ਦਰਪੇਸ਼ ਮੁਸ਼ਕਲਾਂ ਬਾਰੇ ਦੱਸਿਆ ਗਿਆ।
ਇਸ ਦੌਰਾਨ ਮਾਰਕੀਟ ਕਮੇਟੀ ਰਾਜਪੁਰਾ ਅਤੇ ਘਨੌਰ ਦੇ ਸਕੱਤਰ ਅਸ਼ਵਨੀ ਕੁਮਾਰ ਮਹਿਤਾ ਅਤੇ ਨਿਊ ਗਰੇਨ ਮਾਰਕੀਟ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰੁਪਿੰਦਰ ਸਿੰਘ ਰੂਬੀ ਦਾ ਕਹਿਣਾ ਹੈ ਕਿ ਮੰਡੀਆਂ ਵਿੱਚੋਂ ਝੋਨੇ ਦੀ ਚੁਕਾਈ ਵਿੱਚ ਦੇਰੀ ਦਾ ਮੁੱਖ ਕਾਰਨ ਗੱਡੀਆਂ ਨੂੰ ਆਨਲਾਈਨ ਗੇਟ ਪਾਸ ਦੇਣ ਵਿੱਚ ਤਕਨੀਕੀ ਮੁਸ਼ਕਲ ਸੀ ਜੋ ਹੁਣ ਦੂਰ ਕਰ ਦਿੱਤੀ ਗਈ ਹੈ। ਘਨੌਰ ਦੇ ਅਨਾਜ ਖਰੀਦ ਕੇਂਦਰਾਂ ਵਿੱਚ ਪਖਾਨਿਆਂ ਦੀ ਘਾਟ ਬਾਰੇ ਸ੍ਰੀ ਮਹਿਤਾ ਦਾ ਕਹਿਣਾ ਹੈ ਕਿ ਇਸ ਦਿੱਕਤ ਨੂੰ ਤੁਰੰਤ ਦੂਰ ਕੀਤਾ ਜਾਵੇਗਾ।
ਦੇਵੀਗੜ੍ਹ ਤੇ ਦੂਧਨਸਾਧਾਂ ਦੀਆਂ ਮੰਡੀਆਂ ’ਚੋਂ ਝੋਨੇ ਦੀ ਚੁਕਾਈ ਸ਼ੁਰੂ
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਦੇਵੀਗੜ੍ਹ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਬਚਨ ਸਿੰਘ ਵਿਰਕ, ਆੜ੍ਹਤੀ ਐਸੋਸੀਏਸ਼ਨ ਅਨਾਜ ਮੰਡੀ ਦੇਵੀਗੜ੍ਹ ਦੇ ਪ੍ਰਧਾਨ ਰਾਜਵਿੰਦਰ ਸਿੰਘ ਹੜਾਣਾ, ਦੂਧਨਸਾਧਾਂ ਮੰਡੀ ਦੇ ਪ੍ਰਧਾਨ ਸਿਮਰਜੀਤ ਸਿੰਘ ਸੋਹਲ ਅਤੇ ਪੱਲੇਦਾਰ ਯੂਨੀਅਨ ਦੇਵੀਗੜ੍ਹ ਦੇ ਪ੍ਰਧਾਨ ਬਲਦੇਵ ਰਾਜ ਭੰਬੂਆਂ ਨੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਸੁਚੱਜੀ ਅਗਵਾਈ ਹੇਠ ਅੱਜ ਅਨਾਜ ਮੰਡੀ ਦੇਵੀਗੜ੍ਹ ਅਤੇ ਦੁਧਨਸਾਧਾਂ ਵਿੱਚੋਂ ਝੋਨੇ ਦੀ ਲਿਫਟਿੰਗ ਸ਼ੁਰੂ ਕਰਵਾਈ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਝੋਨੇ ਦੀ ਲਿਫਟਿੰਗ ਅੱਜ ਤੋਂ ਸ਼ੁਰੂ ਕਰ ਦਿੱਤੀ ਹੈ ਅਤੇ ਹੁਣ ਆਸ ਪਾਸ ਦੀਆਂ ਅਨਾਜ ਮੰਡੀਆਂ ਵਿੱਚੋਂ ਵੀ ਬੜੀ ਤੇਜ਼ ਰਫ਼ਤਾਰ ਨਾਲ ਝੋਨੇ ਦੀ ਲਿਫਟਿੰਗ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਸਿਰੀ ਰਾਮ ਗੁਪਤਾ, ਯਸ਼ਪਾਲ ਸਿੰਗਲਾ, ਆਸ਼ੂ ਗਰਗ, ਧਨਜੀਤ ਸਿੰਘ, ਭੂਪਿੰਦਰ ਸਿੰਘ ਤੇ ਹੋਰ ਹਾਜ਼ਰ ਸਨ।
ਭਵਾਨੀਗੜ੍ਹ (ਪੱਤਰ ਪ੍ਰੇਰਕ): ਇੱਥੇ ਅਨਾਜ ਮੰਡੀ ਵਿੱਚ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਮਿੱਤਲ ਵੱਲੋਂ ਝੋਨੇ ਦੀ ਲਿਫਟਿੰਗ ਸ਼ੁਰੂ ਕਰਵਾਈ ਗਈ। ਇਸ ਮੌਕੇ ਪ੍ਰਦੀਪ ਮਿੱਤਲ ਨੇ ਆੜ੍ਹਤੀਆ ਭਾਈਚਾਰੇ ਦੀਆਂ ਸਾਰੀਆਂ ਜਾਇਜ਼ ਮੰਗਾਂ ਮੰਨਣ ਅਤੇ ਸਾਉਣੀ ਸੀਜ਼ਨ ਨੂੰ ਸਹੀ ਢੰਗ ਨਾਲ ਚਲਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਅਸ਼ੋਕ ਮਿੱਤਲ, ਸੁਖਜੀਤ ਸਿੰਘ ਘੁਮਾਣ, ਸਤੀਸ਼ ਕੁਮਾਰ ਹੈਪੀ ਤੇ ਹਰਬੰਸ ਮਿੱਤਲ ਅਤੇ ਆੜ੍ਹਤੀ ਹਾਜ਼ਰ ਸਨ।