ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 21 ਫਰਵਰੀ
ਇਥੋਂ ਦੇ ਰਾਜਪੁਰਾ-ਪਟਿਆਲਾ ਰੇਲ ਮਾਰਗ ’ਤੇ ਦੋ ਸਾਲਾਂ ਤੋਂ ਓਵਰਬ੍ਰਿੱਜ ਦੀ ਉਸਾਰੀ ਦਾ ਕੰਮ ਲਟਕਣ ਕਾਰਨ ਸੈਂਕੜੇ ਦੁਕਾਨਦਾਰ ਅਤੇ ਕਾਰੋਬਾਰੀ ਮੰਦਵਾੜੇ ਦੀ ਲਪੇਟ ਵਿੱਚ ਆ ਗਏ ਹਨ। ਜਾਣਕਾਰੀ ਅਨੁਸਾਰ ਰਾਜਪੁਰਾ-ਪਟਿਆਲਾ ਰੇਲ ਮਾਰਗ ’ਤੇ ਪੁਰਾਣੀ ਜੀਟੀ ਰੋਡ ਵਾਲੇ ਰੇਲਵੇ ਫਾਟਕ ਉਪਰੋਂ ਰੇਲ ਵਿਭਾਗ ਵੱਲੋਂ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਨਾਲ ਭਾਈਵਾਲੀ ਤਹਿਤ 38 ਕਰੋੜ ਰੁਪਏ ਦੀ ਲਾਗਤ ਨਾਲ ਓਵਰਬ੍ਰਿੱਜ ਦੀ ਉਸਾਰੀ ਦੋ ਸਾਲ ਪਹਿਲਾਂ ਅਰੰਭੀ ਗਈ ਸੀ, ਜੋ ਅਜੇ ਤੱਕ ਮੁਕੰਮਲ ਨਹੀਂ ਹੋਈ। ਇਸ ਓਵਰਬ੍ਰਿੱਜ ਦੇ ਉਸਾਰੀ ਅਧੀਨ ਹੋਣ ਕਾਰਨ ਪੁਰਾਣੇ ਬੱਸ ਅੱਡੇ ਤੋਂ ਪਟਿਆਲਾ, ਅੰਬਾਲਾ, ਚੰਡੀਗੜ੍ਹ ਲਈ ਬੱਸਾਂ ਦਾ ਆਉਣਾ-ਜਾਣਾ ਬਿਲਕੁਲ ਬੰਦ ਹੋ ਗਿਆ, ਜਦੋਂ ਕਿ ਲੋਕਲ ਰੂਟ ਦੀਆਂ ਬੱਸਾਂ ਹੀ ਟਾਂਵੀ-ਟਾਂਵੀ ਅੱਡੇ ਵਿੱਚ ਆਉਂਦੀਆਂ ਹਨ। ਓਵਰਬ੍ਰਿੱਜ ਉਸਾਰੀ ਅਧੀਨ ਹੋਣ ਕਾਰਨ ਉਕਤ ਮਾਰਗ ’ਤੇ ਰੇਲਵੇ ਫਾਟਕ ਬੰਦ ਕਰ ਦਿੱਤਾ ਗਿਆ। ਜਿਸ ਕਾਰਨ ਚਾਰ ਦਰਜਨ ਪਿੰਡਾਂ ਦੇ ਲੋਕਾਂ ਦਾ ਮਹਿੰਦਰਗੰਜ ਬਾਜ਼ਾਰ, ਪੁਰਾਣਾ ਬੱਸ ਅੱਡਾ, ਪੁਰਾਣਾ ਜੀਟੀ ਰੋਡ ਬਾਜ਼ਾਰ, ਸ਼ਾਮ ਨਗਰ ਅਤੇ ਕੈਲੀਬਰ ਮਾਰਕੀਟ ਸਮੇਤ ਹੋਰਨਾਂ ਬਾਜ਼ਾਰਾਂ ਵਿੱਚ ਆਉਣਾ-ਜਾਣਾ ਲਗਪੱਗ ਬੰਦ ਹੋ ਗਿਆ। ਦੁਕਾਨਦਾਰਾਂ ਅਤੇ ਹੋਰ ਕਾਰੋਬਾਰੀਆਂ ਨੇ ਦੱਸਿਆ ਕਿ ਜਿਸ ਦਿਨ ਤੋਂ ਓਵਰਬ੍ਰਿੱਜ ਦੀ ਉਸਾਰੀ ਅਰੰਭ ਹੋਈ ਹੈ। ਉਸੇ ਦਿਨ ਤੋਂ ਉਨ੍ਹਾਂ ਦੀ ਦੁਕਾਨਦਾਰੀ ਕੇਵਲ 20 ਫੀਸਦੀ ਰਹਿ ਗਈ ਹੈ। ਜਿਸ ਕਾਰਨ ਖਰਚੇ ਵੀ ਪੂਰੇ ਨਹੀਂ ਹੋ ਰਹੇ। ਕੁਝ ਦੁਕਾਨਦਾਰਾਂ ਨੇ ਆਪਣੇ ਕਾਰੋਬਾਰ ਮਜਬੂਰੀਵਸ ਬੰਦ ਕਰ ਦਿੱਤੇ ਹਨ। ਦੁਕਾਨਦਾਰਾਂ ਅਤੇ ਹੋਰ ਕਾਰੋਬਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਓਵਰਬ੍ਰਿੱਜ ਦੀ ਉਸਾਰੀ ਜਲਦੀ ਮੁਕੰਮਲ ਕਰਵਾਈ ਜਾਵੇ।
ਲੋਕ ਨਿਰਮਾਣ ਵਿਭਾਗ ਨੇ ਪੱਲਾ ਝਾੜਿਆ
ਲੋਕ ਨਿਰਮਾਣ ਵਿਭਾਗ ਦੇ ਐੱਸਡੀਓ ਰਾਜੀਵ ਗੌੜ ਨੇ ਕਿਹਾ ਕਿ ਕਿ ਉਨ੍ਹਾਂ ਵੱਲੋਂ ਆਪਣੇ ਹਿੱਸੇ ਦੀ ਉਸਾਰੀ ਮੁਕੰਮਲ ਕਰ ਦਿੱਤੀ ਗਈ ਹੈ। ਰੇਲਵੇ ਓਵਰਬ੍ਰਿੱਜ ਉਪਰੋਂ ਕਰੀਬ 76 ਮੀਟਰ ਕੰਕਰੀਟ ਦਾ ਲੈਂਟਰ ਰੇਲਵੇ ਵਿਭਾਗ ਵੱਲੋਂ ਪੁਆਇਆ ਜਾਣਾ ਹੈ। ਜਿਸ ਸਬੰਧੀ ਉਸਾਰੀ ਵਿੰਗ ਰੇਲਵੇ ਵਿਭਾਗ ਦੇ ਐਕਸੀਅਨ ਸੌਰਵ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕੰਕਰੀਟ ਲੈਂਟਰ ਪਾਉਣ ਲਈ ਇਸੇ ਮਹੀਨੇ ਟੈਂਡਰ ਹੋਣਾ ਹੈ। ਉਸ ਤੋਂ ਛੇ ਮਹੀਨੇ ਬਾਅਦ ਉਸਾਰੀ ਮੁਕੰਮਲ ਹੋ ਸਕੇਗੀ।