ਪਟਿਆਲਾ (ਸਰਬਜੀਤ ਸਿੰਘ ਭੰਗੂ): ਸਰਕਾਰੀ ਮੈਡੀਕਲ ਕਾਲਜ, ਰਜਿੰਦਰਾ ਹਸਪਤਾਲ ਅਤੇ ਟੀ.ਬੀ. ਹਸਪਤਾਲ ਵਿੱਚ ਕਰੋਨਾ ਦੇ ਕਹਿਰ ਦੌਰਾਨ ਨਰਸਿੰਗ ਸਟਾਫ਼, ਪੈਰਾ ਮੈਡੀਕਲ ਤੇ ਹੈਲਥ ਤੇ ਟੈਕਨੀਕਲ ਸਟਾਫ਼ ਵਿਚ 2020 ’ਚ ਰੱਖੇ ਗਏ 1822 ਮੁਲਾਜ਼ਮਾਂ ਦੀਆਂ ਸੇਵਾਵਾਂ ਖ਼ਤਮ ਕਰਨ ਸਬੰਧੀ ਜਾਰੀ ਹੋਏ ਪੱਤਰ ਮਗਰੋਂ ਇਨ੍ਹਾਂ ਮੁਲਾਜ਼ਮਾਂ ’ਚ ਸਰਕਾਰ ਪ੍ਰਤੀ ਰੋਹ ਹੈ। ਇਨ੍ਹਾਂ ਸੰਸਥਾਵਾਂ ਦੇ ਰੈਗੂਲਰ ਅਤੇ ਕੰਟਰੈਕਟ ਮੁਲਾਜ਼ਮਾਂ ਨੇ ਅੱਜ ਇਥੇ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਮੁਲਾਜ਼ਮਾਂ ਨੇ ਐਲਾਨ ਕੀਤਾ ਕਿ 24 ਸਤੰਬਰ ਨੂੰ ਮੰਗਾਂ ਦੇ ਹੱਕ ਵਿੱਚ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਜਾਵੇਗਾ। ਇਸ ਦੌਰਾਨ ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ 15 ਸਤੰਬਰ ਨੂੰ ਪੱਤਰ ਜਾਰੀ ਕਰਕੇ ਵਿਭਾਗ ਦੇ ਡਾਇਰੈਕਟਰ ਨੂੰ ਹਦਾਇਤ ਕੀਤੀ ਹੈ ਕਿ 04-05-2020 ਨੂੰ ਕਰੋਨਾ ਕਾਲ ਦੌਰਾਨ ਰੱਖੇ ਆਊਟਸੋਰਸ 1822 ਮੁਲਾਜ਼ਮਾਂ ਨੂੰ 30 ਸਤੰਬਰ ਨੂੰ ਫਾਰਗ ਕਰ ਦਿੱਤਾ ਜਾਵੇ। ਚੌਥਾ ਦਰਜਾ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਰਾਮ ਕਿਸ਼ਨ, ਸਵਰਨ ਸਿੰਘ ਬੰਗਾ, ਗਗਨਦੀਪ ਕੌਰ, ਚਰਨਜੀਤ ਕੌਰ, ਪ੍ਰਦੀਪ ਕੁਮਾਰ, ਗੁਰਵਿੰਦਰ ਸਿੰਘ ਅਤੇ ਰਤਨ ਸ਼ਰਮਾ ਆਦਿ ਨੇ ਇਸ ਮੌਕੇ ਸੰਬੋਧਨ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਇਨ੍ਹਾਂ ਮੁਲਾਜ਼ਮਾਂ ਦੀਆਂ ਸੇਵਾਵਾਂ ਖਤਮ ਕੀਤੀਆਂ ਗਈਆਂ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।