ਖੇਤਰੀ ਪ੍ਰਤੀਨਿਧ
ਪਟਿਆਲਾ 10 ਜਨਵਰੀ
ਜ਼ਿਲ੍ਹਾ ਪਟਿਆਲਾ ਵਿੱਚ ਵਿਧਾਨ ਸਭਾ ਚੋਣਾਂ ਦੇ ਤਹਿਤ ਵੋਟਰ ਜਾਗਰੂਕਤਾ ਮੁਹਿੰਮ ਲਈ ਵੱਡੇ ਪੱਧਰ ’ਤੇ ਵੋਟਰ ਜਾਗਰੂਕਤਾ ਪ੍ਰੋਗਰਾਮ ਉਲੀਕੇ ਗਏ ਹਨ। ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਜ਼ਿਲ੍ਹੇ ਦੇ 1784 ਬੂਥ, 915 ਪਿੰਡਾਂ ਸਮੇਤ ਸ਼ਹਿਰਾਂ ਪਟਿਆਲਾ, ਸਮਾਣਾ, ਰਾਜਪੁਰਾ, ਨਾਭਾ ਤੇ ਪਾਤੜਾਂ ਆਦਿ ਹਰ ਜਗ੍ਹਾ ਵੋਟਰ ਜਾਗਰੂਕਤਾ ਵੈਨਾਂ ਰਾਹੀਂ ਵੋਟਰ ਮਸ਼ੀਨਾਂ, ਵੀਵੀ ਪੈਟ, ਮੋਬਾਈਲ ਵੋਟਰ ਹੈਲਪ ਲਾਈਨ ਐਪ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾ ਚੁੱਕੀ ਹੈ। ਸੀ ਵੀਜ਼ਲ ਐਪ ਰਾਹੀਂ ਜਾਗਰੂਕ ਵੋਟਰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਕੋਈ ਵੀ ਵੀਡੀਓ ਜਾਂ ਫ਼ੋਟੋ ਪਾ ਸਕਦੇ ਹਨ। ਜਿਸ ’ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਪ੍ਰੋ. ਅੰਟਾਲ ਨੇ ਦੱਸਿਆ ਕਿ ਉਕਤ ਵੈਨਾਂ ’ਚ ਡਿਜੀਟਲ ਸਕਰੀਨਾਂ ਫਿੱਟ ਕੀਤੀਆਂ ਹੋਈਆਂ ਹਨ, ਜਿਨ੍ਹਾਂ ਦੁਆਰਾ ਵੋਟਰਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਵੈਨ ਦਾ ਸਭ ਤੋਂ ਵੱਡਾ ਟੀਚਾ ਸੌ ਫ਼ੀਸਦੀ ਮਤਦਾਨ ਕਰਨ ਲਈ ਵੋਟਰਾਂ ਨੂੰ ਉਤਸ਼ਾਹਿਤ ਕਰਨਾ ਹੈ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਟਿਵਾਣਾ ਨੇ ਦੱਸਿਆ ਕਿ ਇਸ ਵੈਨ ’ਤੇ ਲੱਗੀ ਡਿਜੀਟਲ ਸਕਰੀਨ ਰਾਹੀਂ ਵੀਡੀਓ ਫਿਲਮਾਂ ਰਾਹੀਂ ਵੱਖ-ਵੱਖ ਵਰਗਾਂ ਦੇ ਵੋਟਰਾਂ ਨੂੰ ਚੋਣ ਪ੍ਰਕਿਰਿਆ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਵਧੀਆ ਤੇ ਮਿਆਰੀ ਵੀਡੀਓਜ਼ ਰਾਹੀਂ ਚੋਣ ਕਮਿਸ਼ਨ ਦੇ ਪੰਜਾਬ ਪੱਧਰ ਦੇ ਆਈਕਾਨਜ਼ ਵੱਲੋਂ ਆਪਣੇ-ਆਪਣੇ ਅੰਦਾਜ਼ ’ਚ ਵੋਟਰਾਂ ਨੂੰ ਚੋਣ ਪ੍ਰਕਿਰਿਆ ਦਾ ਹਿੱਸਾ ਬਣਨ ਦੀ ਅਪੀਲ ਕਰਦੇ ਹਨ। ਸ੍ਰੀ ਟਿਵਾਣਾ ਨੇ ਦੱਸਿਆ ਕਿ ਡਾ. ਸੁਖਦਰਸ਼ਨ ਚਹਿਲ ਦੀ ਨਿਰੇਦਸ਼ਨਾ ’ਚ ਨੁੱਕੜ ਨਾਟਕ ‘ਲੋਕਤੰਤਰ ਦਾ ਤਿਉਹਾਰ’ ਵੀ ਵੱਡੇ ਪੱਧਰ ’ਤੇ ਖੇਡਿਆ ਜਾ ਰਿਹਾ ਹੈ।