ਜਗਮੋਹਨ ਸਿੰਘ
ਘਨੌਲੀ, 2 ਅਪਰੈਲ
ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਪਾਵਰਕੌਮ ਨੂੰ ਲੱਗਪਗ 7 ਸਾਲ ਪਹਿਲਾਂ ਹਾਦਸੇ ਦੌਰਾਨ ਰੀੜ੍ਹ ਦੀ ਹੱਡੀ ਟੁੱਟਣ ਕਾਰਨ ਮੰਜੇ ’ਤੇ ਪਏ ਪਿੰਡ ਦੁੱਗਰੀ ਦੇ ਵਿਅਕਤੀ ਦੇ ਘਰ ਬਿਜਲੀ ਕੁਨੈਕਸ਼ਨ ਮੁੁੜ ਚਾਲੂ ਕਰਨ ਦੇ ਹੁਕਮ ਦਿੱਤੇ ਹਨ। ਪੀੜਤ ਸ਼ਿੰਗਾਰਾ ਸਿੰਘ ਦੇ ਘਰ ਪੁੱਜੇ ਵਿਧਾਇਕ ਸੰਦੋਆ ਨੇ ਕਿਹਾ ਕਿ ਸ਼ਿੰਗਾਰਾ ਸਿੰਘ ਦੇ ਘਰ ਦਾ ਬਿੱਲ 16,000 ਰੁਪਏ ਆ ਜਾਣ ਕਾਰਨ ਮਹਿਕਮੇ ਨੇ ਬਿਜਲੀ ਦਾ ਕੁਨੈਕਸ਼ਨ ਕੱਟ ਐੱਸਸੀ ਜਾਤੀ ਨਾਲ ਸਬੰਧਤ ਹੋਣ ਦੇ ਬਾਵਜੂਦ ਵੀ ਉਸ ਨੂੰ ਰਕਮ ਭਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਵਰਕੌਮ ਅਧਿਕਾਰੀਆਂ ਫੋਨ ਰਾਹੀਂ ਆਦੇਸ਼ ਦਿੱਤੇ ਹਨ। ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੇ ਸ਼ਿੰਗਾਰਾ ਸਿੰਘ ਦੇ ਬੱਚਿਆਂ ਦੀ ਪੜ੍ਹਾਈ ਅਤੇ ਘਰ ਦੇ ਰਾਸ਼ਨ ਦੇ ਖਰਚ ਦਾ ਜ਼ਿੰਮਾ ਚੁੱਕਣ ਦਾ ਫੈਸਲਾ ਵੀ ਕੀਤਾ ਹੈ।
ਮ੍ਰਿਤਕ ਦੇ ਨਾਂ ’ਤੇ ਮੁਫ਼ਤ ਬਿਜਲੀ ਸਹੂਲਤ ਨਹੀਂ ਦਿੱਤੀ ਜਾ ਸਕਦੀ: ਐੱਸਡੀਓ
ਪਾਵਰਕੌਮ ਉਪ ਮੰਡਲ ਘਨੌਲੀ ਦੇ ਐੱਸਡੀਓ ਬਲਵੰਤ ਰਾਏ ਨੇ ਦੱਸਿਆ ਕਿ ਸ਼ਿੰਗਾਰਾ ਸਿੰਘ ਦੇ ਨਾਂ ’ਤੇ ਕੋਈ ਕੁਨੈਕਸ਼ਨ ਨਹੀਂ ਲੱਗਿਆ ਹੋਇਆ ਅਤੇ ਜੋ ਕੁਨੈਕਸ਼ਨ ਕੱਟਿਆ ਗਿਆ ਹੈ, ਉਹ ਪਾਲ ਸਿੰਘ ਨਾਮਕ ਵਿਅਕਤੀ ਦੇ ਨਾਮ ’ਤੇ ਲੱਗਿਆ ਹੋਇਆ ਸੀ, ਜਿਸ ਦੀ ਮੌਤ ਹੋ ਚੁੱਕੀ ਹੈ। ਮਹਿਕਮੇ ਦੇ ਨਿਯਮਾਂ ਅਨੁਸਾਰ ਮ੍ਰਿਤਕ ਵਿਅਕਤੀ ਦੇ ਨਾਂ ’ਤੇ ਬਿਜਲੀ ਮੁਆਫ਼ੀ ਦੀ ਸਹੂਲਤ ਨਹੀਂ ਦਿੱਤੀ ਜਾ ਸਕਦੀ। ਉਨ੍ਹਾਂ ਦਾਅਵਾ ਕੀਤਾ ਕਿ ਮ੍ਰਿਤਕ ਪਾਲ ਸਿੰਘ ਦੇ ਨਾਮ ’ਤੇ ਲੱਗਿਆ ਕੁਨੈਕਸ਼ਨ ਕੱਟਣ ਤੋਂ ਪਹਿਲਾਂ ਸ਼ਿੰਗਾਰਾ ਸਿੰਘ ਦੇ ਘਰ ਬਿਜਲੀ ਚਾਲੂ ਰੱਖਣ ਲਈ ਬਦਲਵੇਂ ਪ੍ਰਬੰਧ ਕੀਤੇ ਗਏ ਹਨ ।