ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਮਾਰਚ
ਇੱਥੇ ਸਥਿਤ ਉਤਰੀ ਭਾਰਤ ਪੱਧਰ ਦੇ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਦਵਾਈਆਂ ਅਤੇ ਟੈਸਟਾਂ ਆਦਿ ਦੇ ਨਾਮ ’ਤ ਹੁੰਦੀ ਕਥਿਤ ਲੁੱਟ ਸਬੰਧੀ ਮੀਡੀਆ ਅਤੇ ਸੋਸ਼ਲ ਮੀਡੀਆ ਸਮੇਤ ਆਮ ਲੋਕਾਂ ’ਚ ਜਾਰੀ ਚਰਚਾ ਦਾ ਨੋਟਿਸ ਲੈਂਦਿਆਂ, ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਗੌਰਮਿੰਟ ਮੈਡੀਕਲ ਕਾਲਜ ਦੇ ਡਾਇਰੈਕਟਰ ਤੇ ਪ੍ਰਿੰਸੀਪਲ ਦੇ ਨਾਮ 22 ਮਾਰਚ ਨੂੰ ਜਾਰੀ ਕੀਤੇ ਗਏ ਇਕ ਪੱਤਰ ’ਚ ਮਰੀਜ਼ਾਂ ਦੀ ਦਵਾਈਆਂ ਦੇ ਨਾਮ ’ਤੇ ਕਥਿਤ ਲੁੱਟ ਹੋਣ ਸਬੰਧੀ ਮੀਡੀਆ ’ਚ ਖਬਰਾਂ ਛਪਣ ਸਮੇਤ ਕੁਝ ਹੋਰ ਪਹਿਲੂਆਂ ਦੇ ਹਵਾਲੇ ਨਾਲ ਡਿਪਟੀ ਕਮਿਸ਼ਨਰ ਨੇ ਇਸ ਮਾਮਲੇ ਦੀ ਤਿੰਨ ਦਿਨਾ ’ਚ ਜਾਂਚ ਕਰਕੇ ਰਿਪੋਰਟ ਦੇਣ ਦੀ ਤਾਕੀਦ ਕੀਤੀ ਹੈ। ਜ਼ਿਕਰਯੋਗ ਹੈ ਕਿ ਰਾਜਿੰਦਰਾ ਹਸਪਤਾਲ ਵਿੱਚ ਨਾ ਸਿਰਫ਼ ਪੰਜਾਬ, ਬਲਕਿ ਹੋਰਨਾ ਰਾਜਾਂ ਦੇ ਮਰੀਜ਼ ਵੀ ਆਉਂਦੇ ਹਨ। ਇੱਥੇ ਚੰਗੇ ਡਾਕਟਰ ਅਤੇ ਲੋੜੀਂਦੀ ਮਸ਼ੀਨਰੀ ਆਦਿ ਵੀ ਉਪਲਬਧ ਹੈ। ਕਰੋਨਾ ਕਾਲ ਦੌਰਾਨ ਵੀ ਭਾਵੇਂ ਇਸ ਹਸਪਤਾਲ ਨੂੰ ਕਈ ਤਰਾਂ ਦੀ ਨੁਕਤਾਚੀਨੀ ਦਾ ਸਾਹਮਣਾ ਵੀ ਕਰਨਾ ਪੈਂਦਾ ਰਿਹਾ ਹੈ, ਪਰ ਬਿਨਾ ਸ਼ੱਕ ਇੱਥੋਂ ਦੇ ਡਾਕਟਰਾਂ, ਸਿਹਤ ਅਮਲੇ ਅਤੇ ਮੈਡੀਕਲ ਵਿਦਿਆਰਥੀਆਂ ਵੱੱਲੋਂ ਕਰੋਨਾ ਦੌਰਾਨ ਤਨਦੇਹੀ ਨਾਲ ਕੰਮ ਵੀ ਕੀਤਾ ਗਿਆ।