ਪੱਤਰ ਪ੍ਰੇਰਕ
ਰਾਜਪੁਰਾ, 8 ਅਗਸਤ
ਅਪੰਗ-ਸੁਅੰਗ ਲੋਕਮੰਚ (ਅਸੂਲ) ਪੰਜਾਬ ਦੀ ਘਨੌਰ ਇਕਾਈ ਨੇ ਸਰਕਾਰ ਵੱਲੋਂ ਅਪੰਗਾਂ, ਬਜ਼ੁਰਗਾਂ ਅਤੇ ਹੋਰਨਾਂ ਲੋੜਵੰਦਾਂ ਨੂੰ ਚੈੱਕ ਰਾਹੀਂ ਪੈਨਸ਼ਨ ਵੰਡਣ ਦਾ ਵਿਰੋਧ ਕਰਦਿਆਂ ਪੈਨਸ਼ਨ ਰਾਸ਼ੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਪਾਉਣ ਦੀ ਮੰਗ ਕੀਤੀ ਹੈ।
ਮੰਚ ਦੇ ਆਗੂਆਂ ਦੀ ਮੀਟਿੰਗ ਉਮਕਾਰ ਸ਼ਰਮਾ ਸੋਗਲਪੁਰ, ਬਲਜੀਤ ਸਿੰਘ ਹਰੀਮਾਜਰਾ, ਲਖਵਿੰਦਰ ਸਿੰਘ ਸਰਾਲਾ, ਕਿਰਪਾਲ ਸਿੰਘ, ਹਰਨੇਕ ਸਿੰਘ ਨੰਬਰਦਾਰ ਅਤੇ ਰਾਮ ਚੰਦਰ ਦੀ ਸਾਂਝੀ ਅਗਵਾਈ ਵਿੱਚ ਹੋਈ।
ਇਸ ਦੌਰਾਨ ਅਪੰਗਾਂ ਅਤੇ ਹੋਰ ਪੈਨਸ਼ਨਰਾਂ ਨੂੰ ਦਰਪੇਸ਼ ਮੁਸ਼ਕਲਾਂ ਵਿਚਾਰੀਆਂ ਗਈਆਂ। ਪੰਜਾਬ ਸਰਕਾਰ ਵੱਲੋਂ ਜੁਲਾਈ ਮਹੀਨੇ ਤੋਂ ਅਪੰਗਾਂ, ਬਜ਼ੁਰਗਾਂ, ਵਿਧਵਾਵਾਂ ਅਤੇ ਆਸ਼ਰਿਤਾਂ ਸਮੇਤ ਹੋਰਨਾਂ ਲੋੜਵੰਦਾਂ ਦੀਆ ਵਧੀਆ ਪੈਨਸ਼ਨਾਂ ਚੈੱਕ ਰਾਹੀਂ ਵੰਡਣ ਦੇ ਫੈਸਲੇ ਦਾ ਵਿਰੋਧ ਕਰਦਿਆਂ ਆਗੂਆਂ ਆਖਿਆ ਕਿ ਚੈੱਕ ਵੰਡਣ ਦੀ ਪ੍ਰਥਾ ਨਾਲ ਅੰਗਹੀਣਾਂ ਅਤੇ ਬਜ਼ੁਰਗਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਕਰਕੇ ਸਰਕਾਰ ਇਹ ਫੈਸਲਾ ਵਾਪਸ ਲਵੇ ਅਤੇ ਸਾਰੇ ਲਾਭਪਾਤਰੀਆਂ ਦੀ ਪੈਨਸ਼ਨ ਬੈਂਕ ਖਾਤਿਆਂ ਵਿੱਚ ਪਾਈ ਜਾਵੇ। ਅਜਿਹਾ ਨਾ ਹੋਣ ਤੇ ਅਸੂਲ ਮੰਚ ਵੱਲੋਂ 15 ਅਗਸਤ ਤੋਂ ਸੰਘਰਸ਼ ਵਿੱਢਿਆ ਜਾਵੇਗਾ।