ਸੁਭਾਸ਼ ਚੰਦਰ/ਅਸ਼ਵਨੀ ਗਰਗ
ਸਮਾਣਾ, 20 ਅਗਸਤ
ਸਥਾਨਕ ਪਬਲਿਕ ਕਾਲਜ ਨੂੰ ਸਰਕਾਰੀ ਕਰਨ ਵਿਚ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਦੇਰੀ ਅਤੇ ਫੀਸਾਂ ਵਿੱਚ 20 ਫ਼ੀਸਦੀ ਵਾਧੇ ਦੇ ਖਿਲਾਫ਼ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਸ਼ਨਿਚਰਵਾਰ ਨੂੰ ਸੈਂਕੜੇ ਵਿਦਿਆਰਥੀਆਂ ਨੇ ਤਹਿਸੀਲ ਦਫ਼ਤਰ ਤੱਕ ਰੋਸ ਮਾਰਚ ਕੀਤਾ। ਉਨ੍ਹਾਂ ਨੇ ਐੱਸਡੀਐੱਮ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ। ਇਸ ਵਿੱਚ ਵਿਦਿਆਰਥੀਆਂ ਨੇ ਮੰਗ ਕੀਤੀ ਕਿ ਜੇ ਫੀਸਾਂ ਵਿੱਚ ਵਾਧਾ ਪੂਰਨ ਤੌਰ ’ਤੇ ਵਾਪਸ ਨਾ ਲਿਆ ਗਿਆ ਤਾਂ ਉਹ ਆਉਣ ਵਾਲੇ ਦਿਨਾਂ ਵਿਚ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦਾ ਘਿਰਾਓ ਕਰਨਗੇ।
ਪੰਜਾਬ ਸਰਕਾਰ ਅਤੇ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪੰਜਾਬ ਸਟੂਡੈਂਟ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਸਮਾਣਾ ਹਲਕੇ ਵਿੱਚ ਇੱਕ ਵੀ ਸਰਕਾਰੀ ਕਾਲਜ ਨਹੀਂ ਪਰ ਆਮ ਆਦਮੀ ਪਾਰਟੀ ਵੱਲੋਂ ਪਬਲਿਕ ਕਾਲਜ ਨੂੰ ਸਰਕਾਰੀ ਕਰਨ ਦਾ ਵਾਅਦਾ ਕੀਤਾ ਗਿਆ ਸੀ। ਜੋ ਸਰਕਾਰੀ ਫਾਈਲਾਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਕਾਲਜ ਦੀ ਮੈਨੇਜਮੈਂਟ ਨੇ ਖ਼ਰਚਿਆਂ ਦਾ ਹਵਾਲਾ ਦੇ ਕੇ ਫ਼ੀਸਾਂ ਵਿੱਚ ਪਿਛਲੇ ਸਾਲ ਨਾਲੋਂ 20 ਫ਼ੀਸਦੀ ਵਾਧਾ ਕਰ ਦਿੱਤਾ ਹੈ, ਜੋ ਨਿੰਦਣਯੋਗ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਕਾਲਜ ਵਿੱਚ ਜਿੱਥੇ ਗ੍ਰੈਜੂਏਸ਼ਨ ਦੀ ਫੀਸ 12-13 ਹਜ਼ਾਰ ਦੇ ਲਗਭਗ ਹੈ, ਉੱਥੇ ਪਬਲਿਕ ਕਾਲਜ ਵਿੱਚ ਇਹ ਫੀਸ 24-25 ਹਜ਼ਾਰ ਰੁਪਏ ਤਕ ਪੁੱਜ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਮਹਿੰਗਾਈ ਦੇ ਜ਼ਮਾਨੇ ਵਿੱਚ ਇੰਨੀਆਂ ਜ਼ਿਆਦਾ ਫੀਸਾਂ ਭਰਨਾ ਔਖਾ ਹੈ। ਉਨ੍ਹਾਂ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਵੱਲੋਂ ਵੀ ਇਸ ਕਾਲਜ ਨੂੰ ਸਰਕਾਰੀ ਕਾਲਜ ਬਣਾਉਣ ਲਈ ਮੰਗ ਮੰਨ ਲਈ ਗਈ ਸੀ ਤੇ ਹੁਣ ‘ਆਪ’ ਸਰਕਾਰ ਵੀ ਇਸ ਨੂੰ ਸਰਕਾਰੀ ਕਾਲਜ ਬਣਾਉਣ ਦੇ ਹੱਕ ਵਿੱਚ ਹੈ ਪਰ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਮੈਨੇਜਮੈਂਟ ਵਿਚ ਮੈਂਬਰ ਹੋਣ ਦੇ ਬਾਵਜੂਦ ਫੀਸ ਵਿਚ ਵਾਧਾ ਕਰਨ ਲਈ ਸਹਿਮਤ ਹੋ ਗਏ ਹਨ। ਇਸ ਖ਼ਿਲਾਫ਼ ਵਿਦਿਆਰਥੀਆਂ ਵਿੱਚ ਰੋਸ ਹੈ।
ਇਸ ਮੌਕੇ ਖੁਸ਼ਵਿੰਦਰ ਰਵੀ, ਅਕਸ਼ੇ ਘੱਗਾ, ਸ਼ੈਂਟੀ ਟੋਡਰਪੁਰ ਤੋਂ ਇਲਾਵਾ ਸੈਂਕੜੇ ਵਿਦਿਆਰਥੀ ਹਾਜ਼ਰ ਸਨ।