ਪੱਤਰ ਪ੍ਰੇਰਕ
ਰਾਜਪੁਰਾ, 23 ਅਪਰੈਲ
ਇਥੋਂ ਦੇ ਏਪੀ ਜੈਨ ਸਿਵਲ ਹਸਪਤਾਲ ਦੇ ਜੱਚਾ-ਬੱਚਾ ਸੈਂਟਰ ਵਿੱਚ ਐੱਸਐੱਮਓ ਡਾ. ਜਗਪਾਲ ਇੰਦਰ ਸਿੰਘ ਦੀ ਅਗਵਾਈ ਵਿੱਚ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਨੇ ਹਸਪਤਾਲ ਦੇ ਜੱਚਾ-ਬੱਚਾ ਸੈਂਟਰ ਅਪਰੇਸ਼ਨ ਥੀਏਟਰ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਹਸਪਤਾਲ ਦੇ ਸਟਾਫ ਦੀਆਂ ਮੁਸ਼ਕਲਾਂ ਵੀ ਸੁਣੀਆਂ। ਉਨ੍ਹਾਂ ਕਿਹਾ ਕਿ ਇਸ ਤਹਿਸੀਲ ਪੱਧਰੀ ਹਸਪਤਾਲ ਦੇ ਜੱਚਾ-ਬੱਚਾ ਸੈਂਟਰ ਦਾ ਆਪਣਾ ਕੋਈ ਅਪਰੇਸ਼ਨ ਥੀਏਟਰ ਨਹੀਂ ਸੀ। ਮੈਡਮ ਮਿੱਤਲ ਨੇ ਐੱਸਐੱਮਓ ਪਾਸੋਂ ਹਸਪਤਾਲ ਦੀਆਂ ਘਾਟਾਂ ਪੁੱਛੀਆ ਤੇ ਕਿਹਾ ਕਿ ਇਹ ਘਾਟਾਂ ਜਲਦੀ ਹੀ ਸਿਹਤ ਮੰਤਰੀ ਨੂੰ ਮਿਲ ਕੇ ਪੂਰੀਆਂ ਕਰਵਾਈਆਂ ਜਾਣਗੀਆਂ। ਇਸ ਮੌਕੇ ਡਾ. ਦੀਪਕ ਕੁਮਾਰ, ਡਾ. ਲਵਪ੍ਰੀਤ ਕੌਰ, ਡਾ. ਵਿਪਨਜੀਤ ਸਿੰਘ ਖੋਸਾ, ਭੁਪਿੰਦਰ ਕੌਰ ਤੇ ਮਨਜੀਤ ਕੌਰ ਮੌਜੂਦ ਸੀ।
ਵਿਸ਼ਵ ਧਰਤੀ ਦਿਵਸ ਮੌਕੇ ਵਿਧਾਇਕਾ ਨੀਨਾ ਮਿੱਤਲ ਨੇ ਪੌਦੇ ਲਗਾਏ
ਰਾਜਪੁਰਾ (ਨਿੱਜੀ ਪੱਤਰ ਪ੍ਰੇਰਕ): ਵਿਸ਼ਵ ਧਰਤੀ ਦਿਵਸ ਮੌਕੇ ਭਾਰਤ ਸਵੱਛ ਭਾਰਤ ਅਭਿਆਨ ਤਹਿਤ ਵਿਧਾਇਕਾ ਨੀਨਾ ਮਿੱਤਲ ਨੇ ਨਵੇਂ ਬੱਸ ਅੱਡੇ ਵਿਚ ਵੱਖ ਵੱਖ ਤਰਾਂ ਦੇ ਛਾਂਦਾਰ ਅਤੇ ਫਲਦਾਰ ਪੌਦੇ ਲਗਾਏ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਪੌਦੇ ਵੀ ਵੰਡੇ। ਇਸ ਮੌਕੇ ਵਿਧਾਇਕਾ ਨੇ ਕਿਹਾ ਕਿ ਵਿਸ਼ਵ ਧਰਤੀ ਦਿਵਸ ਮਨਾਉਣ ਦਾ ਮੁੱਖ ਉਦੇਸ਼ ਵਾਤਾਵਰਣ ਦੀ ਸਾਂਭ ਸੰਭਾਲ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ। ਇਸ ਮੌਕੇ ਉਨ੍ਹਾਂ ਨਾਲ ਪੀਏ ਅਮਰਿੰਦਰ ਮੀਰੀ, ਕਾਰਜ ਸਾਧਕ ਅਫ਼ਸਰ ਪਰਵਿੰਦਰ ਸਿੰਘ, ਮੀਡੀਆ ਐਡਵਾਈਜ਼ਰ ਅਮਨ ਸੈਣੀ, ਮੁਨੀਸ਼ ਸੂਦ, ਸੰਦੀਪ ਧੀਮਾਨ ਤੋਂ ਇਲਾਵਾ ਹੋਰ ਵਲੰਟੀਅਰ ਤੇ ਸਥਾਨਕ ਵਾਸੀ ਮੌਜੂਦ ਸਨ।