ਸੁਭਾਸ਼ ਚੰਦਰ
ਸਮਾਣਾ, 6 ਨਵੰਬਰ
ਸਦਰ ਪੁਲੀਸ ਵੱਲੋਂ ਪਿੰਡ ਮਰੋੜੀ ਅਤੇ ਘੱਗਰ ਦਰਿਆ ਦੇ ਘਾਟ ’ਤੇ ਮਾਰੇ ਵੱਖ-ਵੱਖ ਛਪਿਆਂ ਦੌਰਾਨ ਸ਼ਰਾਬ ਦੀ ਇਕ ਚਾਲੂ ਭੱਠੀ, 8 ਬੋਤਲਾਂ ਤਿਆਰ ਨਾਜਾਇਜ਼ ਸ਼ਰਾਬ ਅਤੇ ਸ਼ਰਾਬ ਬਣਾਉਣ ਲਈ ਰੱਖੀ 300 ਲਿਟਰ ਲਾਹਣ ਬਰਾਮਦ ਕਰਕੇ ਦੋ ਮੁਲਜ਼ਮਾਂ ਖ਼ਿਲਾਫ਼ ਐਕਸਾਈਜ਼ ਐਕਟ ਦੀਆਂ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ।
ਛਾਪੇ ਦੌਰਾਨ ਦੋਵੇਂ ਵਿਅਕਤੀ ਫਰਾਰ ਹੋਣ ਵਿੱਚ ਸਫਲ ਰਹੇ। ਜਿਨ੍ਹਾਂ ਦੀ ਪਹਿਚਾਣ ਮਰੋੜੀ ਵਾਸੀ ਮੰਗਾ ਸਿੰਘ ਅਤੇ ਨਰਾਤਾ ਸਿੰਘ ਵਜੋਂ ਹੋਈ ਹੈ। ਮਵੀ ਕਲਾਂ ਪੁਲੀਸ ਚੌਕੀ ਇੰਚਾਰਜ ਸਬ-ਇੰਸਪੈਕਟਰ ਸਾਹਿਬ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਹਾਕਮ ਸਿੰਘ ਵੱਲੋਂ ਪੁਲੀਸ ਪਾਰਟੀ ਸਣੇ ਗਸ਼ਤ ਦੌਰਾਨ ਸ਼ਰਾਬ ਤਿਆਰ ਕਰਕੇ ਵੇਚਣ ਸਬੰਧੀ ਮਿਲੀ ਸੂਚਨਾ ’ਤੇ ਮੁਲਜ਼ਮ ਮੰਗਾ ਸਿੰਘ ਦੇ ਘਰ ਛਾਪਾ ਮਾਰਿਆ ਤਾਂ ਉਥੇ ਸ਼ਰਾਬ ਦੀ ਚਾਲੂ ਭੱਠੀ, ਨਾਜਾਇਜ਼ ਸ਼ਰਾਬ ਦੀਆਂ ਤਿਆਰ 8 ਬੋਤਲਾਂ ਅਤੇ 150 ਲੀਟਰ ਲਾਹਣ ਬਰਾਮਦ ਹੋਈ। ਸਦਰ ਪੁਲੀਸ ਮੁਖੀ ਸਬ-ਇੰਸਪੈਕਟਰ ਅਕੁੰਰਦੀਪ ਸਿੰਘ ਨੇ ਦੱਸਿਆ ਕਿ ਏਐੱਸਆਈ ਰਾਜ ਕੁਮਾਰ ਵੱਲੋਂ ਪੁਲੀਸ ਪਾਰਟੀ ਸਣੇ ਪਿੰਡ ਮਰੋੜੀ ਦੇ ਗੁਰਦੁਆਰਾ ਸਾਹਿਬ ਕੋਲ ਗਸ਼ਤ ਦੌਰਾਨ ਸ਼ਰਾਬ ਬਣਾ ਕੇ ਵੇਚਣ ਸਬੰਧੀ ਮਿਲੀ ਜਾਣਕਾਰੀ ’ਤੇ ਘੱਗਰ ਦਰਿਆ ਦੇ ਘਾਟ ’ਤੇ ਛਾਪਾ ਮਾਰ ਕੇ ਮੁਲਜ਼ਮ ਨਰਾਤਾ ਸਿੰਘ ਵੱਲੋਂ ਛਿਪਾ ਕੇ ਰੱਖੀ 150 ਲਿਟਰ ਲਾਹਣ ਬਰਾਮਦ ਕੀਤੀ। ਪੁਲੀਸ ਨੇ ਦੋਵਾਂ ਮਾਮਲਿਆਂ ਦੇ ਫਰਾਰ ਮੁਲਜ਼ਮਾਂ ਦੇ ਖ਼ਿਲਾਫ਼ ਸਦਰ ਪੁਲੀਸ ਥਾਣੇ ਵਿੱਚ ਮਾਮਲੇ ਦਰਜ ਕਰਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਸੱਤ ਬੋਤਲਾਂ ਨਾਜਾਇਜ਼ ਸ਼ਰਾਬ ਫੜੀ
ਦੇਵੀਗੜ੍ਹ (ਪੱਤਰ ਪ੍ਰੇਰਕ) ਥਾਣਾ ਜੁਲਕਾਂ ਦੀ ਪੁਲਸ ਨੇ 7 ਬੋਤਲਾਂ ਨਜਾਇਜ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਫੜਨ ਦਾ ਦਾਅਵਾ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਮੁਖੀ ਇੰਸ: ਹਰਮਨਪ੍ਰੀਤ ਸਿੰਘ ਚੀਮਾਂ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੇ ਆਪਣੀ ਪੁਲਸ ਪਾਰਟੀ ਨਾਲ ਗਸ਼ਤ ਦੌਰਾਨ ਸ਼ੱਕ ਦੇ ਅਧਾਰ ਤੇ ਝੁੰਗੀਆਂ ਚੌਂਕ ਪਿੰਡ ਵਾਲੀਆਂ ਨੇੜੇ ਇੱਕ ਵਿਅਕਤੀ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਪਲਾਸਟਿਕ ਦੀ ਕੈਨੀ ਵਿਚੋਂ 7 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇਸ ਵਿਅਕਤੀ ਦੀ ਪਛਾਣ ਸੁੱਚਾ ਸਿੰਘ ਪੁੱਤਰ ਰਘਬੀਰ ਸਿੰਘ ਵਾਸੀ ਪਿੰਡ ਚਿੜਵਾ ਵਜੋਂ ਹੋਈ। ਪੁਲਸ ਨੇ ਇਸ ਵਿਰੁਧ ਆਬਕਾਰੀ ਕਾਨੂੰਨ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।