ਖੇਤਰੀ ਪ੍ਰਤੀਨਿਧ
ਘਨੌਰ, 16 ਅਪਰੈਲ
ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ’ਚ ਪਿੰਡ ਹਰਪਾਲਪੁਰ ਵਿੱਚ ਚੋਣ ਮੀਟਿੰਗ ਕਰਦਿਆਂ, ਭਾਜਪਾ ਆਗੂ ਅਤੇ ਪੰਜਾਬ ਖਾਦੀ ਗ੍ਰਾਮ ਉਦਯੋਗ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਦਾ ਕਹਿਣਾ ਹੈ ਕਿ ਅੱਜ ਪੰਜਾਬ ਸਮੇਤ ਕਿਸਾਨ ਅਤੇ ਮਜ਼ਦੂਰ ਵੀ ਬੁਰੀ ਤਰ੍ਹਾਂ ਕਰਜ਼ੇ ’ਚ ਜਕੜਿਆ ਹੋਇਆ ਹੈ ਪਰ ਨਾ ਹੀ ਪੰਜਾਬ ਅਤੇ ਨਾ ਹੀ ਕਿਸਾਨਾਂ ਕੋਲ ਇੰਨੇ ਸਾਧਨ ਹਨ ਕਿ ਉਹ ਆਪਣਾ ਕਰਜ਼ਾ ਉਤਾਰ ਸਕਣ ਜਿਸ ਕਰਕੇੇ ਵਿਆਜ ਪੈ ਪੈ ਕੇ ਕਰਜ਼ਾ ਦੂਣ ਸਵਾਇਆ ਹੋ ਰਿਹਾ ਹੈ ਤੇ ਕਰਜ਼ੇ ਦੀ ਇਸ ਪੰਡ ਤੋਂ ਕੇਵਲ ਭਾਜਪਾ ਹੀ ਮੁਕਤੀ ਦਿਵਾ ਸਕਦੀ ਹੈ ਕਿਉਂਕਿ ਕੇਂਦਰ ’ਚ ਐਤਕੀ ਫੇਰ ਮੋਦੀ ਹਕੂਮਤ ਬਣਨੀ ਤੈਅ ਹੈ ਜਿਸ ਕਰਕੇ ਲੋੜ ਹੈ ਕਿ ਇਸ ’ਚ ਪੰਜਾਬ ਵੀ ਭਾਗੀਦਾਰ ਬਣੇ ਤਾਂ ਜੋ ਦੇਸ਼ ਦੀ ਹਕੂਮਤ ਪੰਜਾਬ ਸਿਰ ਚੜ੍ਹੇ ਬੇਅਥਾਹ ਕਰਜ਼ੇ ’ਤੇ ਲੀਕ ਮਾਰ ਸਕੇ। ਸ੍ਰੀ ਹਰਪਾਲਪੁਰ ਨੇ ਕਿਹਾ ਕਿ ਭਾਜਪਾ ਦੀ ਸੁਹਿਰਦ ਲੀਡਰਸ਼ਿਪ ਹੀ ਦੇਸ਼ ਦੀ ਲੋੜਵੰਦ ਜਨਤਾ ਨੂੰ ਬਣਦੀਆਂ ਸਹੂਲਤਾਂ ਦੇਣ ਬਾਰੇ ਸੋਚ ਸਕਦੀ ਹੈ। ਪਿਛਲੇ ਦਸ ਸਾਲਾਂ ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਨੇਕਾਂ ਹੀ ਕੰਮ ਅਜਿਹੇ ਕੀਤੇ ਹਨ ਜੋ ਲੋੜਵੰਦਾਂ ਦਾ ਸਹਾਰਾ ਬਣੇ। ਭਾਜਪਾ ਨੂੰ ਕਿਸਾਨ ਪੱਖੀ ਦੱਸਦਿਆਂ ਹਰਵਿੰਦਰ ਹਰਪਾਲਪੁਰ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਚੋਣ ਜ਼ਾਬਤੇ ਦਾ ਧਿਆਨ ਰੱਖਦਿਆਂ, ਕਿਸਾਨ ਅੰਦੋਲਨ ਨੂੰ ਚੋਣਾਂ ਤੱਕ ਅੱਗੇ ਪਾ ਲੈਣ ਕਿਉਂਕਿ ਚੋਣ ਜ਼ਾਬਤੇ ਕਾਰਨ ਸਰਕਾਰ ਚਾਹੁੰਦਿਆਂ ਵੀ ਕੋਈ ਸੁਵਿਧਾ ਪ੍ਰਦਾਨ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਮੁੜ ਸੱਤਾ ’ਚ ਆਉਣ ’ਤੇ ਮੋਦੀ ਹਕੂਮਤ ਕਿਸਾਨਾਂ ਦੇ ਮਸਲਿਆਂ ਦਾ ਸਮਾਧਾਨ ਕਰੇਗੀ।