ਜੈਸਮੀਨ ਭਾਰਦਵਾਜ
ਨਾਭਾ, 16 ਅਕਤੂਬਰ
ਅੱਜ ਸੂਬੇ ਵਿੱਚ ਸਬ ਇੰਸਪੈਕਟਰ ਦੀ 560 ਅਸਾਮੀਆਂ ਦੀ ਭਰਤੀ ਬਾਬਤ ਪ੍ਰੀਖਿਆ ਲਈ ਗਈ ਜਿਸ ਤਹਿਤ ਨਾਭਾ ਵਿੱਚ ਵੀ ਦੋ ਪ੍ਰੀਖਿਆ ਕੇਂਦਰ ਬਣੇ ਸਨ, ਪਰ ਇਸ ਮੌਕੇ ਹੈਰਾਨੀਜਨਕ ਰੁਝਾਨ ਦੇਖਣ ਨੂੰ ਮਿਲਿਆ। ਇਨ੍ਹਾਂ ਦੋ ਕੇਂਦਰਾਂ ਵਿੱਚ ਜਿੱਥੇ 792 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦੇਣੀ ਸੀ, ਉੱਥੇ ਕੇਵਲ 221 ਹੀ ਪ੍ਰੀਖਿਆ ਦੇਣ ਪਹੁੰਚੇ। ਪ੍ਰੀਖਿਆ ਬਾਬਤ ਨਕਲ ਰੋਕਣ ਅਤੇ ਹੋਰ ਪ੍ਰਬੰਧਾਂ ਲਈ ਭਾਰੀ ਪੁਲੀਸ ਤਾਇਨਾਤ ਰਹੀ। ਨਾਭਾ ਦੇ ਡੀਐੱਸਪੀ ਦੇਵਿੰਦਰ ਅਤਰੀ ਨੇ ਦੱਸਿਆ ਕਿ ਹੋਰਨਾਂ ਥਾਵਾਂ ‘ਤੇ ਵੀ ਘੱਟ ਹਾਜ਼ਰੀ ਦਾ ਰੁਝਾਨ ਦੇਖਣ ਨੂੰ ਮਿਲਿਆ ਭਾਵੇਂ ਕਿ ਪੁਲੀਸ ਵੱਲੋ ਬੱਸ ਅੱਡੇ ਤੇ ਰੇਲਵੇ ਸਟੇਸ਼ਨ ’ਤੇ ਵੀ ਗੱਡੀਆਂ ਤਿਆਰ ਰੱਖੀਆਂ ਗਈਆਂ ਸਨ ਤਾਂ ਜੋ ਸਫ਼ਰ ਕਰਕੇ ਲੇਟ ਹੋਣ ਵਾਲੇ ਪ੍ਰੀਖਿਆਰਥੀਆਂ ਨੂੰ ਜਲਦ ਤੋਂ ਜਲਦ ਉਨ੍ਹਾਂ ਦੇ ਕੇਂਦਰ ਤੱਕ ਪਹੁੰਚਾਇਆ ਜਾ ਸਕੇ। ਇਹ ਪੇਪਰ ਟਾਟਾ ਕੰਸਲਟੈਂਸੀ ਸਰਵਿਸਜ਼ ਨਾਮਕ ਕੰਪਨੀ ਵੱਲੋਂ ਲਿਆ ਗਿਆ ਸੀ।
ਇਸ ਘੱਟ ਹਾਜ਼ਰੀ ਦੇ ਠੋਸ ਕਾਰਨ ਤਾਂ ਅਜੇ ਦੱਸਣਾ ਮੁਸ਼ਕਲ ਹੈ। ਪ੍ਰੀਖਿਆਰਥੀਆਂ ਨੇ ਦੱਸਿਆ ਕਿ ਕੇਂਦਰ ਬਹੁਤ ਦੂਰ ਦੂਰ ਬਣਾਏ ਗਏ ਸਨ, ਜਿਸ ਕਰਕੇ ਉਨ੍ਹਾਂ ਨੂੰ ਇੱਕ ਦਿਨ ਪਹਿਲਾਂ ਕਿਸੇ ਹੋਟਲ ’ਚ ਆ ਕੇ ਰੁਕਣਾ ਪਿਆ ਤੇ ਪੇਪਰ ਦੇਣ ਲਈ ਉਨ੍ਹਾਂ ਨੂੰ ਹਜ਼ਾਰਾਂ ਰੁਪਏ ਖਰਚਣੇ ਪਏ। ਨਾਭਾ ਵਿੱਚ ਵੀ ਪਠਾਨਕੋਟ, ਅਬੋਹਰ ਤੋਂ ਵੀ ਕੁਝ ਪ੍ਰੀਖਿਆਰਥੀ ਪਹੁੰਚੇ। ਕੁਝ ਨੇ ਕਿਹਾ ਕਿ ਇਹ ਪੇਪਰ 2020 ’ਚ ਵੀ ਐਲਾਨਿਆ ਗਿਆ ਸੀ ਤੇ 2021 ’ਚ ਵੀ ਇਸ ਦਾ ਪੇਪਰ ਆਨਲਾਈਨ ਹੋਇਆ ਸੀ। ਉਨ੍ਹਾਂ ਸੰਦੇਹ ਜ਼ਾਹਰ ਕੀਤਾ ਕਿ ਸ਼ਾਇਦ ਉਨ੍ਹਾਂ ਪ੍ਰੀਖਿਆਰਥੀਆਂ ’ਚੋਂ ਬਹੁਤਿਆਂ ਤੱਕ ਇਹ ਸਾਫ ਸੁਨੇਹਾ ਨਾ ਪਹੁੰਚਿਆ ਹੋਵੇ ਕਿ ਉਨ੍ਹਾਂ ਨੇ ਵੀ ਪ੍ਰੀਖਿਆ ਦੁਬਾਰਾ ਦੇਣੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਪੇਪਰ ਭਰਨ ਵਾਲੇ ਉਨ੍ਹਾਂ ਦੇ ਕੁਝ ਦੋਸਤ ਵਿਦੇਸ਼ ਜਾ ਚੁੱਕੇ ਹਨ ਤੇ ਕੁਝ ਵਿਦੇਸ਼ ਜਾਣ ਦੀ ਤਿਆਰੀ ’ਚ ਹਨ।