ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 30 ਸਤੰਬਰ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਹੋਈ ਆਨ-ਲਾਈਨ ਸਿੰਡੀਕੇਟ ਮੀਟਿੰਗ ਦੌਰਾਨ ‘ਇੰਸਟੀਚਿਊਟ ਆਫ਼ ਕੰਪਨੀ ਸੈਕਰੇਟਰੀਜ ਆਫ ਇੰਡੀਆ’ (ਆਈ.ਸੀ.ਐਸ.ਆਈ.) ਨਾਲ ਕੀਤੇ ਅਕਾਦਮਿਕ ਇਕਰਾਰਨਾਮੇ ’ਤੇ ਸਿੰਡੀਕੇਟ ਮੀਟਿੰਗ ਵਿੱਚ ਅੱਜ ਮੋਹਰ ਲੱਗ ਗਈ। ਇਸ ਦੇ ਨਾਲ ਹੀ 13 ਪੜਤਾਲੀਆ ਕਮੇਟੀਆਂ ਵੱਲੋਂ ਤਿਆਰ ਕੀਤੀਆਂ ਗਈਆਂ ਰਿਪੋਰਟਾਂ ’ਤੇ ਸਿੰਡੀਕੇਟ ਮੈਂਬਰਾਂ ਦਰਮਿਆਨ ਬਹਿਸ ਦਾ ਮਾਹੌਲ ਬਣ ਗਿਆ। ਭਾਵੇਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਸਿੰਡੀਕੇਟ ਦੀ ਬੈਠਕ ਸੁਖਾਵੇਂ ਮਾਹੌਲ ’ਚ ਹੋਣ ਦਾ ਦਾਅਵਾ ਕੀਤਾ ਹੈ ਪਰ ਪੜਤਾਲੀਆ ਰਿਪੋਰਟਾਂ ਨੂੰ ਮੁੜ ਚਰਚਾ ਲਈ ਅਗਲੀ ਬੈਠਕ ’ਤੇ ਪਾ ਦਿੱਤਾ ਗਿਆ ਹੈ।
ਇਹ ਬੈਠਕ ਵਾਈਸ ਚਾਂਸਲਰ ਡਾ. ਬੀ.ਐੱਸ. ਘੁੰਮਣ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਜਾਰੀ ਹੋਏ ਵੱਖ-ਵੱਖ ਨੋਟੀਫਿਕੇਸ਼ਨ ਨੂੰ ਯੂਨੀਵਰਸਿਟੀ ਵੱਲੋਂ ਅਪਣਾਏ ਜਾਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਇੱਕ ਹੋਰ ਫ਼ੈਸਲੇ ਅਨੁਸਾਰ ਇਕ ਗਠਿਤ ਕਮੇਟੀ ਦੀਆਂ ਸਿਫਾਰਸ਼ਾਂ ਦੇ ਮੱਦੇਨਜ਼ਰ ਅੰਬੇਡਕਰ ਹੋਸਟਲ ਦਾ ਨਾਂ ਬਦਲ ਕੇ ‘ਡਾ. ਭੀਮ ਰਾਓ ਅੰਬੇਡਕਰ ਹੋਸਟਲ ਕਰਨ’ ਨੂੰ ਵੀ ਸਿੰਡੀਕੇਟ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਬੈਠਕ ਵਿਚ ਹਾਲ ਹੀ ਵਿਚ ਪੰਜਾਬੀ ਯੂਨੀਵਰਸਿਟੀ ਨੇ ਭਾਰਤ ਸਰਕਾਰ ਦੇ ਕਾਰਪੋਰੇਟ ਮਾਮਲਿਆਂ ਸਬੰਧੀ ਮੰਤਰਾਲੇ ਅਧੀਨ ਕਾਰਜਸ਼ੀਲ ਆਈ.ਸੀ.ਐਸ. ਆਈ. ਨਾਲ ਜੋ ਇਕਰਾਰਨਾਮਾ ਕੀਤਾ ਹੈ ’ਤੇ ਅੱਜ ਸਿੰਡੀਕੇਟ ਨੇ ਮੋਹਰ ਲਗਾ ਦਿੱਤੀ ਗਈ ਹੈ।