ਪੱਤਰ ਪ੍ਰੇਰਕ
ਘਨੌਲੀ, 22 ਅਕਤੂਬਰ
ਪੰਜਾਬ ਸਰਕਾਰ ਵੱਲੋਂ ਨੌਵੀਂ ਤੋਂ ਬਾਰ੍ਹਵੀਂ ਤੱਕ ਸਕੂਲ ਖੋਲ੍ਹਣ ਦੀ ਛੋਟ ਦਿੱਤੇ ਜਾਣ ਤੋਂ ਬਾਅਦ ਵੀ ਸਕੂਲਾਂ ਵਿੱਚ ਨਾਮਾਤਰ ਵਿਦਿਆਰਥੀ ਹੀ ਪੁੱਜਣੇ ਸ਼ੁਰੂ ਹੋਏ ਹਨ। ਘਨੌਲੀ ਭਰਤਗੜ ਖੇਤਰ ਦੇ ਪ੍ਰਾਈਵੇਟ ਸਕੂਲਾਂ ਵਿੱਚ ਤਾਂ ਹਾਲੇ ਤੱਕ ਕੋਈ ਵੀ ਵਿਦਿਆਰਥੀ ਪੜ੍ਹਾਈ ਕਰਨ ਲਈ ਨਹੀਂ ਪੁੱਜ ਰਿਹਾ। ਉੱਧਰ ਲਾਕਡਾਊਨ ਦੀ ਮਾਰ ਪੈਣ ਕਾਰਨ ਬਹੁਤ ਸਾਰੇ ਮਾਪਿਆਂ ਨੂੰ ਮਜਬੂਰੀਵਸ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣੇ ਪੇ ਗਏ ਹਨ, ਜਿਸ ਕਰ ਕੇ ਪ੍ਰਾਈਵੇਟ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਦਿਨੋ ਦਿਨ ਘਟਣੀ ਸ਼ੁਰੂ ਹੋ ਗਈ ਹੈ। ਇਸੇ ਕੜੀ ਅਧੀਨ ਸਕੂਲ ਦੀ ਪ੍ਰਿੰਸੀਪਲ ਨਵਲੀਨ ਕੌਰ ਨੇ ਆਨਲਾਈਨ ਪੜ੍ਹਾਈ ਵਿੱਚ ਹੋਰ ਸੁਧਾਰ ਕਰਨ ਲਈ ਬਲੈਕ ਬੋਰਡਾਂ ਦੀ ਵਰਤੋਂ ਕਰਨੀ ਸ਼ੁਰੂ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਆਨਲਾਈਨ ਕਲਾਸਾਂ ਲਗਾ ਰਹੇ ਵਿਦਿਆਰਥੀਆਂ ਨੂੰ ਵੀ ਕਲਾਸ ਦੀ ਤਰ੍ਹਾਂ ਹੀ ਬਲੈਕ ਬੋਰਡਾਂ ਉੱਤੇ ਸਵਾਲ ਸਮਝਾਏ ਜਾ ਰਹੇ ਹਨ ਅਤੇ ਉਨ੍ਹਾਂ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਕਿ ਲਾਕਡਾਊਨ ਦਾ ਕਿਸੇ ਵੀ ਵਿਦਿਆਰਥੀ ਦੀ ਪੜ੍ਹਾਈ ’ਤੇ ਮਾੜਾ ਅਸਰ ਨਾ ਪਵੇ।