ਘਨੌਰ (ਪੱਤਰ ਪ੍ਰੇਰਕ): ਇਸ ਖੇਤਰ ਵਿੱਚ ਵਾਪਰੇ ਦੋ ਸੜਕ ਹਾਦਸਿਆਂ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਇੱਕ ਜ਼ਖ਼ਮੀ ਹੋ ਗਿਆ। ਥਾਣਾ ਘਨੌਰ ਦੇ ਮੁਖੀ ਇੰਸਪੈਕਟਰ ਸਾਹਿਬ ਸਿੰਘ ਨੇ ਦੱਸਿਆ ਕਿ ਹੈਪੀ ਵਾਸੀ ਪਿੰਡ ਬਲਾਣਾ ਜ਼ਿਲ੍ਹਾ ਅੰਬਾਲਾ (ਹਰਿਆਣਾ) ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਪਿਤਾ ਆਪਣੀ ਗੱਡੀ (ਛੋਟਾ ਹਾਥੀ) ’ਤੇ ਸਵਾਰ ਹੋ ਕੇ ਘਨੌਰ-ਅੰਬਾਲਾ ਰੋਡ ’ਤੇ ਪਿੰਡ ਜਮੀਤਗੜ੍ਹ ਨੇੜੇ ਜਾ ਰਿਹਾ ਸੀ ਕਿ ਉਸ ਦੀ ਗੱਡੀ ਨੂੰ ਤੇਸ਼ ਰਫਤਾਰ ਕੈਂਟਰ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੇ ਪਿਤਾ ਵਿਕਰਮਜੀਤ ਸਿੰਘ ਦੀ ਮੌਤ ਹੋ ਗਈ। ਦੂਜਾ ਹਾਦਸਾ ਕਸਬਾ ਘਨੌਰ ਵਿਖੇ ਵਾਪਰਿਆ ਜਦੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਹੇ ਧਰਮਚੰਦ ਵਾਸੀ ਪਿੰਡ ਘਨੌਰੀ ਖੇੜਾ ਦੇ ਮੋਟਰਸਾਈਕਲ ਨੂੰ ਇੱਕ ਹੋਰ ਮੋਟਰਸਾਈਕਲ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਧਰਮ ਚੰਦ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।