ਪੱਤਰ ਪ੍ਰੇਰਕ
ਪਾਤੜਾਂ, 15 ਮਈ
ਜਾਖਲ ਰੋਡ ਉਤੇ ਟੈਂਕਰ ਤੇ ਮੋਟਰਸਾਈਕਲ ਦੀ ਟੱਕਰ ਵਿੱਚ ਦੋ ਭਰਾ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ ਜਿਨ੍ਹਾਂ ਦੇ ਸੱਟ ਜ਼ਿਆਦਾ ਹੋਣ ਕਾਰਨ ਪਾਤੜਾਂ ਦੇ ਡਾਕਟਰਾਂ ਨੇ ਰਜਿੰਦਰਾ ਹਸਪਤਾਲ ਭੇਜ ਦਿੱਤਾ। ਇਸੇ ਦੌਰਾਨ ਇਕ ਵਿਅਕਤੀ ਦੀ ਰਸਤੇ ਵਿੱਚ ਮੌਤ ਹੋ ਗਈ ਜਦੋਂ ਕਿ ਦੂਜੇ ਦਾ ਇਲਾਜ ਚੱਲ ਰਿਹਾ ਹੈ।
ਪੁਲੀਸ ਨੇ ਕੈਂਟਰ ਅਤੇ ਮੋਟਰਸਾਈਕਲ ਨੂੰ ਕਬਜ਼ੇ ਵਿੱਚ ਲੈਣ ਮਗਰੋਂ ਮ੍ਰਿਤਕ ਦੇ ਵਾਰਿਸਾਂ ਦੇ ਬਿਆਨਾਂ ਦੇ ਅਧਾਰ ’ਤੇ ਕੇਸ ਦਰਜ ਕਰਕੇ ਕੈਂਟਰ ਦੇ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਥਾਣਾ ਪਾਤੜਾਂ ਵਿਚ ਹਰੀ ਸਿੰਘ ਵਾਸੀ ਪਿੰਡ ਬਾਲਦ ਖੁਰਦ ਥਾਣਾ ਭਵਾਨੀਗੜ੍ਹ ਨੇ ਦੱਸਿਆ ਹੈ ਕਿ ਉਸ 26 ਸਾਲਾ ਲੜਕਾ ਹਰਮਨਦੀਪ ਸਿੰਘ ਅਤੇ 25 ਸਾਲਾ ਲੜਕਾ ਹਰਕੀਰਤ ਸਿੰਘ ਪਲਸਰ ਮੋਟਰਸਾਈਕਲ ’ਤੇ ਜੀਰੀ ਦੇ ਬੀਜ ਲੈਣ ਪਾਤੜਾਂ ਆਏ ਸੀ ਜਦੋਂ ਕਿ ਉਹ ਤੇ ਤਰਸੇਮ ਸਿੰਘ ਦੂਸਰੇ ਮੋਟਰਸਾਈਕਲ ‘ਤੇ ਨਾਲ ਆ ਰਹੇ ਸੀ। ਮਿਲਨ ਪੈਲੇਸ ਜਾਖਲ ਰੋਡ ਪਾਤੜਾਂ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਆ ਰਿਹਾ ਕੈਂਟਰ ਉਸ ਦੇ ਲੜਕਿਆਂ ਦੇ ਮੋਟਰਸਾਈਕਲ ਵਿੱਚ ਵੱਜਿਆ। ਉਨ੍ਹਾਂ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਸੜਕ ’ਤੇ ਡਿੱਗਣ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਪਾਤੜਾਂ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਵਲੋਂ ਉਨ੍ਹਾਂ ਨੂੰ ਰਜਿੰਦਰ ਹਸਪਤਾਲ ਰੈਫਰ ਕੀਤੇ ਜਾਣ ‘ਤੇ ਪਟਿਆਲੇ ਜਾਂਦਿਆਂ ਰਸਤੇ ਵਿੱਚ ਹਰਮਨਦੀਪ ਸਿੰਘ ਦੀ ਮੌਤ ਹੋ ਗਈ ਹੈ।
ਹਰਕੀਰਤ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪਿੰਡ ਬਾਲਦ ਖੁਰਦ ਦੇ ਸਰਪੰਚ ਦਰਸ਼ਨ ਸਿੰਘ ਨੇ ਦੁਰਘਟਨਾਂ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਜ਼ਖਮੀ ਨੌਜਵਾਨ ਦਾ ਇਲਾਜ ਮੁਫਤ ਕਰਨ ਅਤੇ ਪਰਿਵਾਰ ਦੀ ਮਾਲੀ ਸਹਾਇਤਾ ਕੀਤੇ ਜਾਣ ਦੀ ਮੰਗ ਕੀਤੀ ਹੈ।
ਪੜਤਾਲੀਆ ਅਫ਼ਸਰ ਸਹਾਇਕ ਥਾਣੇਦਾਰ ਤੇਜਾ ਸਿੰਘ ਨੇ ਦੱਸਿਆ ਕਿ ਕੈਂਟਰ ਨੂੰ ਕਬਜ਼ੇ ਵਿੱਚ ਲੈ ਕੇ ਕੇਸ ਦਰਜ ਕਰ ਲਿਆ ਹੈ ਅਤੇ ਮੌਕੇ ਤੋਂ ਫਰਾਰ ਚਾਲਿਕ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।
ਟਰੈਕਟਰ ਪਲਟਣ ਕਾਰਨ ਨੌਜਵਾਨ ਦੀ ਮੌਤ
ਪਾਤੜਾਂ (ਪੱਤਰ ਪ੍ਰੇਰਕ): ਹਾਮਝੇੜੀ ਵਿੱਚ ਰਾਤ ਸਮੇਂ ਖੇਤਾਂ ਵਿੱਚ ਜ਼ਮੀਨ ਵਾਹ ਕੇ ਪਰਤ ਰਹੇ ਵਿਅਕਤੀ ਦੀ ਟਰੈਕਟਰ ਪਲਟਣ ਕਰਕੇ ਮੌਤ ਹੋ ਗਈ। ਰਾਤ ਸਮੇਂ ਵਾਪਰੀ ਘਟਨਾ ਦਾ ਪਤਾ ਪਰਿਵਾਰ ਨੂੰ ਸਵੇਰੇ ਦਿਨ ਚੜ੍ਹਨ ਉੱਤੇ ਲੱਗਾ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਮ੍ਰਿਤਕ ਦੀ ਲਾਸ਼ ਨੂੰ ਟਰੈਕਟਰ ਹੇਠੋਂ ਕੱਢ ਕੇ ਪੋਸਟਮਾਰਟਮ ਕਰਵਾਇਆ ਹੈ। ਪਾਤੜਾਂ ਸ਼ਹਿਰ ਵਿੱਚ ਕੱਪੜੇ ਦੀ ਦੁਕਾਨ ਕਰਨ ਵਾਲਾ ਦਿਆਲ ਨਗਰ ਹਾਮਝੇੜੀ ਵਾਸੀ ਹਰਵਿੰਦਰ ਸਿੰਘ ਰਾਤ ਸਮੇਂ ਪਿੰਡ ਸੇਲਵਾਲਾ ਵਿਖੇ ਆਪਣੀ ਜ਼ਮੀਨ ਦੀ ਵਹਾਈ ਕਰਨ ਗਿਆ ਸੀ। ਸਵੇਰੇ ਤੜਕਸਰ ਜਦੋਂ ਉਹ ਵਾਪਸ ਪਰਤ ਰਿਹਾ ਸੀ ਤਾਂ ਪਿੰਡ ਕੋਲੋਂ ਲੰਘਦੇ ਬਰਸਾਤੀ ਨਾਲੇ ਵਿੱਚ ਉਸ ਦਾ ਟਰੈਕਟਰ ਪਲਟ ਗਿਆ ਜਿਸ ਕਾਰਨ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਬੇਟਾ ਅਤੇ ਬੇਟੀ ਕੈਨੇਡਾ ਗਏ ਹੋਏ ਹਨ ਉਨ੍ਹਾਂ ਦੇ ਪਰਤਣ ਉਪਰੰਤ ਅੱਜ ਸ਼ਾਮ ਹਰਵਿੰਦਰ ਸਿੰਘ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।