ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 1 ਨਵੰਬਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸਥਾਪਤ ਮਹਾਰਿਸ਼ੀ ਵਾਲਮੀਕਿ ਚੇਅਰ ਵੱਲੋਂ, ਵਾਲਮੀਕਿ ਜੈਯੰਤੀ ਨੂੰ ਸਮਰਪਿਤ, ਇੱਕ ਰੋਜ਼ਾ ਵੈਬਿਨਾਰ ਕਰਵਾਇਆ ਗਿਆ। ਇਸ ਮੌਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਬੀ.ਐੱਸ. ਘੁੰਮਣ ਨੇ ਕਿਹਾ ਕਿ ਮਹਾਂਰਿਸ਼ੀ ਵਾਲਮੀਕ ਦੀਆਂ ਸਿੱਖਿਆਵਾਂ ਅੱਜ ਦੇ ਸਮਾਜ ਵਿੱਚ ਹੋਰ ਵੀ ਮਹੱਤਵਪੂਰਨ ਹੋ ਗਈਆਂ ਹਨ। ਅੱਜ ਸਮਾਜ ਦੇ ਆਰਥਿਕ ਤੇ ਸਮਾਜਿਕ ਵਿਕਾਸ ਲਈ ਸਾਨੂੰ ਮਹਾਂਰਿਸ਼ੀ ਵਾਲਮੀਕਿ ਦੀਆਂ ਸਿੱਖਿਆਵਾਂ ’ਤੇ ਅਮਲ ਕਰਨਾ ਚਾਹੀਦਾ ਹੈ। ਇਤਿਹਾਸ ਗਵਾਹ ਹੈ ਕਿ ਮਹਾਂਪੁਰਸ਼ਾਂ ਦੀਆਂ ਸਮਾਜਿਕ-ਅਧਿਆਤਮਕ ਸਿੱਖਿਆਵਾਂ ਹੀ ਕਿਸੇ ਵੀ ਸਮਾਜ ਨੂੰ ਨਿੱਗਰ ਸੇਧ ਦੇਣ ਦਾ ਕਾਰਜ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਚੇਅਰ ਨੂੰ ਸਰਗਰਮੀ ਸਹਿਤ ਵਿਚਰਦਿਆਂ ਅਜਿਹੇ ਖੋਜ ਕਾਰਜ ਨੇਪਰੇ ਚਾੜ੍ਹਨੇ ਚਾਹੀਦੇ ਹਨ ਜੋ ਜਨਤਕ ਖੇਤਰ ਦੀਆਂ ਨੀਤੀਆਂ ਨੂੰ ਸਕਾਰਾਤਮਕ ਤਰੀਕੇ ਨਾਲ ਪ੍ਰਭਾਵਿਤ ਕਰ ਸਕਣ ਦੀ ਸਮਰੱਥਾ ਰੱਖਦੇ ਹੋਣ।
ਵਾਲਮੀਕਿ ਚੇਅਰ ਦੇ ਮੁਖੀ ਡਾ. ਸਤਿਨਾਮ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ, ਪੰਜਾਬੀ ਯੂਨੀਵਰਸਿਟੀ ਵੱਲੋਂ ਵਾਲਮੀਕਿ ਚੇਅਰ ਨੂੰ ਆਮ ਲੋਕਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਇਸ ਚੇਅਰ ਵੱਲੋਂ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਨਾਲ ਸਬੰਧਤ, ਪੰਜਾਬੀ ਯੂਨੀਵਰਸਿਟੀ ਵੱਲੋਂ ਖੋਜ ਪੱਤਰ ਕੱਢਿਆ ਜਾਵੇਗਾ। ਹੁਣ ਤੱਕ ਵਾਲਮੀਕਿ ਚੇਅਰ ਵੱਲੋਂ 25 ਦੇ ਕਰੀਬ ਪੁਸਤਕਾਂ ਛਾਪੀਆਂ ਜਾ ਚੁੱਕੀਆਂ ਹਨ। ਇਨਾਂ ਪੁਸਤਕਾਂ ਨੂੰ ਡਿਜੀਟਾਈਜ਼ ਕਰਨ ਦਾ ਕਾਰਜ ਕੀਤਾ ਜਾਵੇਗਾ।
ਆਨਲਾਈਨ ਰਾਗਾਤਮਕ ਕੀਰਤਨ ਲੜੀ ਦਾ ਪਹਿਲਾ ਪੜਾਅ ਸੰਪੰਨ
ਪਟਿਆਲਾ: ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਗੁਰਮਤਿ ਸੰਗੀਤ ਚੇਅਰ ਵੱਲੋਂ ਗੁਰੂ ਨਾਨਕ ਦੇਵ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁਰੂ ਕੀਤੀ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਣੀ ਦੀ ਆਨਲਾਈਨ ਰਾਗਾਤਮਕ ਕੀਰਤਨ ਲੜੀ ਦਾ ਪਹਿਲਾ ਪੜਾਅ ਸੰਪੰਨ ਹੋ ਗਿਆ ਹੈ। ਵੀਸੀ ਡਾ. ਬੀ.ਐੱਸ. ਘੁੰਮਣ ਦੀ ਅਗਵਾਈ ਵਿਚ ਆਰੰਭ ਕੀਤੀ ਗਈ ਇਸ ਲੜੀ ਦੇ ਪਹਿਲੇ ਚਰਨ ਦੀ ਸੰਪੰਨਤਾ ਸਿਰੀ ਰਾਗ ਤੋਂ ਸ਼ੁਰੂ ਕਰ ਕੇ ਬਿਹਾਗੜਾ ਰਾਗ ਨਾਲ ਹੋਈ। ਲਗਭਗ ਇੱਕ ਮਹੀਨਾ ਚੱਲੀ ਕੀਰਤਨ ਲੜੀ ਦਾ ਆਨਲਾਈਨ ਪ੍ਰਸਾਰਣ ਫ਼ੇਸਬੁੱਕ ਪੇਜ-ਗੁਰਮਤਿ ਸੰਗੀਤ ਚੇਅਰ ’ਤੇ ਲਗਾਤਾਰ ਕੀਤਾ ਗਿਆ ਜਿਸ ਤਹਿਤ ਗੁਰੂ ਨਾਨਕ ਦੇਵ ਜੀ ਵੱਲੋਂ ਰਚੀ ਬਾਣੀ ਦਾ 20 ਮੁੱਖ ਰਾਗਾਂ ਵਿੱਚ ਲਗਭਗ 50 ਦੇ ਕਰੀਬ ਪੰਥ ਪ੍ਰਸਿੱਧ ਕੀਰਤਨੀਆਂ, ਗੁਰਮਤਿ ਸੰਗੀਤ ਸਾਧਕਾਂ, ਨੌਜਵਾਨ ਕੀਰਤਨੀਆਂ ਅਤੇ ਬੀਬੀਆਂ ਦੇ ਜਥਿਆਂ ਵਲੋਂ ਰੋਜ਼ਾਨਾ ਕੀਰਤਨ ਕੀਤਾ ਗਿਆ। ਗੁਰਮਤਿ ਸੰਗੀਤ ਚੇਅਰ ਦੇ ਇੰਚਾਰਜ ਡਾ. ਅਲੰਕਾਰ ਸਿੰਘ ਵੱਲੋਂ ਸਮੂਹ ਕੀਰਤਨੀਆਂ, ਸਰੋਤਿਆਂ ਅਤੇ ਸਟਾਫ਼ ਦਾ ਧੰਨਵਾਦ ਕੀਤਾ ਗਿਆ। –ਨਿੱਜੀ ਪੱਤਰ ਪ੍ਰੇਰਕ