ਸਰਬਜੀਤ ਸਿੰਘ ਭੰਗੂ
ਪਟਿਆਲਾ, 18 ਅਪਰੈਲ
ਸੂਬੇ ਵਿਚ ਗੈਰਕਾਨੂੰਨੀ ਖਣਨ ਨੂੰ ਨੱਥ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿਚ ਗਠਿਤ ਕੀਤੇ ਗਏ ਖਣਨ ਸਬੰਧੀ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਆਦੇਸ਼ਾਂ ’ਤੇ ਮੁੱਖ ਮੰਤਰੀ ਦੇ ਜ਼ਿਲ੍ਹੇ ਪਟਿਆਲਾ ਦੀ ਪੁਲੀਸ ਨੇ ਰੇਤੇ ਦੀ ਤਸਕਰੀ ਵਿਰੁੱਧ ਮੁਹਿੰਮ ਵਿੱਢ ਦਿੱਤੀ ਹੈ।
ਨੇੜਲੇ ਪਿੰਡ ਚਲੈਲਾ ਵਿੱਚ ਚੱਲ ਰਹੀ ਗੈਰ-ਕਾਨੂੰਨੀ ਖਣਨ ਵਾਲੀ ਥਾਂ ’ਤੇ ਛਾਪਾ ਮਾਰ ਕੇ ਇਸ ਮੁਹਿੰਮ ਦਾ ਆਗਾਜ਼ ਕਰਦਿਆਂ ਅੱਜ ਪਟਿਆਲਾ ਪੁਲੀਸ ਨੇ ਇੱਕ ਜੇਸੀਬੀ ਮਸ਼ੀਨ ਸਮੇਤ ਛੇ ਟਿੱਪਰ, ਇੱਕ ਟਰੱਕ, ਦੋ ਟਰੈਕਟਰ ਅਤੇ ਤਿੰਨ ਟਰਾਲੀਆਂ ਜ਼ਬਤ ਕੀਤੀਆਂ ਹਨ। ਗੈਰ-ਕਾਨੂੰਨੀ ਢੰਗ ਨਾਲ ਕੱਢਿਆ ਗਿਆ ਰੇਤਾ ਵੀ ਬਰਾਮਦ ਕੀਤਾ ਗਿਆ ਹੈ। ਪੁਲੀਸ ਵੱਲੋਂ ਇਸ ਦੌਰਾਨ ਗੁਰਸੇਵਕ ਸਿੰਘ ਵਾਸੀ ਪਿੰਡ ਸਿਓਣਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਮੁੱਖ ਮੁਲਜ਼ਮ ਓਮ ਪ੍ਰਕਾਸ਼ ਓਮੀ ਦੀ ਭਾਲ ਜਾਰੀ ਹੈ। ਥਾਣਾ ਅਨਾਜ ਮੰਡੀ ਪਟਿਆਲਾ ਦੇ ਮੁਖੀ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਧਾਰਾ 379 ਤੇ ਮਾਈਨਜ਼ ਐਂਡ ਮਿਨਰਲਜ਼ (ਡਿਵੈਲਪਮੈਂਟ ਐਂਡ ਰੈਗੂਲੇਸ਼ਨਜ਼) ਐਕਟ 1957 ਦੀਆਂ ਧਾਰਾਵਾਂ 4(1), 21(1) ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਦੌਰਾਨ ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਚਿਤਾਵਨੀ ਦਿੱਤੀ ਕਿ ਅਜਿਹੇ ਅਨਸਰਾਂ ਨੂੰ ਜੇਲ੍ਹਾਂ ’ਚ ਡੱਕਿਆ ਜਾਵੇਗਾ।
ਗ਼ੈਰਕਾਨੂੰਨੀ ਖਣਨ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ: ਢੋਕੇ
ਐਨਫੋਰਸਮੈਂਟ ਡਾਇਰੈਕਟੋਰੇਟ (ਮਾਈਨਿੰਗ) ਪੰਜਾਬ ਦੇ ਮੁਖੀ ਆਰ.ਐੱਨ. ਢੋਕੇ ਨੇ ਕਿਹਾ ਕਿ ਰਾਜ ’ਚ ਗ਼ੈਰ-ਕਾਨੂੰਨੀ ਖਣਨ ਕਰਨ ਵਾਲਿਆਂ ਨੂੰ ਲੰਬੇ ਹੱਥੀਂ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਗ਼ੈਰ-ਕਾਨੂੰਨੀ ਧੰਦੇ ’ਚ ਸ਼ਾਮਲ ਲੋਕ ਰੇਤੇ ਦੀ ਰਾਜ ਦੇ ਦੂਸਰੇ ਹਿੱਸਿਆਂ ’ਚ ਵੀ ਤਸਕਰੀ ਕਰਦੇ ਸਨ ਪਰ ਈ.ਡੀ. ਨੇ ਇਸ ਧੰਦੇ ਨੂੰ ਬੇਨਾਕਾਬ ਕੀਤਾ ਹੈ। ਗੈਰ-ਕਾਨੂੰਨੀ ਖਣਨ ਵਿਚ ਲੱਗੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।