ਜੈਸਮੀਨ ਭਾਰਦਵਾਜ
ਨਾਭਾ, 27 ਸਤੰਬਰ
ਨਾਭਾ ਦੇ ਕਕਰਾਲਾ, ਤੁੰਗਾ, ਹਰਿਗੜ੍ਹ ਅਤੇ ਅਚੱਲ ਪਿੰਡਾਂ ਵਿੱਚੋਂ ਕਿਸਾਨ ਬੀਬੀਆਂ ਨੇ ਅਗਵਾਈ ਕਰਦੇ ਹੋਏ ਕਕਰਾਲਾ ਪਿੰਡ ’ਚੋਂ ਲੰਘਦੀ ਰੇਲ ਪਟੜੀ ਉੱਪਰ ਸਾਰਾ ਦਿਨ ਧਰਨਾ ਲਾਈ ਰੱਖਿਆ। ਤਿੱਖੀ ਧੁੱਪ ’ਚ ਬੈਠੀਆਂ ਬੀਬੀਆਂ ਨਾਅਰਿਆਂ ਦੀ ਗੂੰਜ ਐਨੀ ਉੱਚੀ ਸੀ ਕਿ ਦੂਰੋਂ ਸੁਣਾਈ ਦੇ ਰਹੀ ਸੀ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਮਹਿਲਾ ਵਿੰਗ ਦੀ ਆਗੂ ਰਾਜਿੰਦਰ ਕੌਰ ਤੁੰਗਾ ਨੇ ਦੱਸਿਆ ਕਿ ਇਸ ਅੰਦੋਲਨ ਨੇ ਚੁੱਲ੍ਹੇ ਚੌਂਕੇ ਤੱਕ ਸੀਮਤ ਮਹਿਲਾਵਾਂ ਵਿੱਚ ਜਾਗ੍ਰਿਤੀ ਲਿਆਂਦੀ ਹੈ।
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਸੁਨਾਮ ਵਿਚ ਰੇਲਵੇ ਟਰੈਕ ’ਤੇ ਧਰਨਾ ਦਿੱਤਾ ਗਿਆ। ਇਸ ਮੌਕੇ ਜਥੇਬੰਦੀ ਦੇ ਆਗੂਆਂ ਗੋਬਿੰਦ ਸਿੰਘ ਚੱਠੇ, ਸੁਖਪਾਲ ਮਾਣਕ ਕਣਕਵਾਲੀਆ, ਰਾਮਪਾਲ ਸੁਨਾਮ, ਮਹਿੰਦਰ ਸਿੰਘ ਨਮੋਲ ਆਦਿ ਨੇ ਕਿਹਾ ਕਿ ਅੱਜ ਦੇ ਬੰਦ ਵਿੱਚ ਭਾਜਪਾ ਵਿਰੋਧੀ ਹਰ ਜਥੇਬੰਦੀ ਸ਼ਮੂਲੀਅਤ ਕਰ ਰਹੀ ਹੈ।
ਸਥਾਨਕ ਆਈਟੀਆਈ ਚੌਕ ਵਿਚ ਵੱਖ ਵੱਖ ਜਥੇਬੰਦੀਆਂ ਵੱਲੋਂ ਸ਼ਾਮ ਤੱਕ ਧਰਨਾ ਲਾ ਕੇ ਆਵਾਜਾਈ ਠੱਪ ਕੀਤੀ ਗਈ। ਧਰਨੇ ਵਿੱਚ ਕਿਸਾਨ ਆਗੂ ਹਰਦੇਵ ਸਿੰਘ ਬਖਸ਼ੀਵਾਲਾ, ਹਰੀ ਸਿੰਘ ਚੱਠਾ (ਸਿੱਧੂਪੁਰ), ਜਰਨੈਲ ਸਿੰਘ ਜਨਾਲ (ਕਿਸਾਨ ਸਭਾ), ਸੰਤ ਰਾਮ ਛਾਜਲੀ (ਡਕੌਂਦਾ), ਜਸਵੰਤ ਸਿੰਘ ਬਿਗੜਵਾਲ (ਰਾਜੇਵਾਲ), ਹਰਮੇਲ ਸਿੰਘ ਮਹਿਰੋਕ (ਫੈੱਡਰੇਸ਼ਨ), ਵਰਿੰਦਰ ਕੋਸ਼ਿਕ ਨੇ ਸੰਬੋਧਨ ਕੀਤਾ। ਇਸੇ ਤਰ੍ਹਾਂ ਸੁਨਾਮ ਦੀ ਰੇਹੜੀ-ਫੜ੍ਹੀ ਯੂਨੀਅਨ (ਸੀਟੂ) ਵੱਲੋਂ ਪ੍ਰਧਾਨ ਓਮ ਪ੍ਰਕਾਸ਼, ਜ਼ਿਲ੍ਹਾ ਪ੍ਰਧਾਨ ਅਤੇ ਕਾਮਰੇਡ ਹੰਗੀ ਖਾਂ ਦੀ ਅਗਵਾਈ ਵਿੱਚ ਜਥੇ ਦੇ ਰੂਪ ਵਿਚ ਸ਼ਮੂਲੀਅਤ ਕਰ ਕੇ ਭਾਰਤ ਬੰਦ ਦਾ ਸਮਰਥਨ ਕੀਤਾ ਗਿਆ।