ਸਰਬਜੀਤ ਸਿੰਘ ਭੰਗੂ
ਪਟਿਆਲਾ, 28 ਨਵੰਬਰ
ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਜੋੜ ਮੇਲ ਅਤੇ ਪੰਚਮੀ ਦੇ ਦਿਹਾੜੇ ‘ਤੇ ਅੱਜ ਇਥੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿੱਚ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਈਆਂ। ਇਸ ਮੌਕੇ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਦੌਰਾਨ ਢਾਡੀ ਜਥਿਆਂ ਨੇ ਸੰਗਤਾਂ ਨੂੰ ਵਾਰਾਂ ਅਤੇ ਹੋਰ ਕਥਾ ਕਹਾਣੀਆਂ ਦੁਆਰਾ ਗੁਰਬਾਣੀ ਨਾਲ ਜੋੜਿਆ।
ਮੈਨੇਜਰ ਜਰਨੈਲ ਸਿੰਘ ਮੁਕਤਸਰੀ ਦੀ ਦੇਖਰੇਖ ਹੇਠ ਹੋਏ ਇਨ੍ਹਾਂ ਸਮਾਗਮਾਂ ‘ਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਪਰਮਜੀਤ ਸਿੰਘ ਸਰੋਆ ਨੇ ਹਾਜ਼ਰੀ ਭਰੀ। ਇਸ ਮੌਕੇ ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਉਪਰੰਤ ਗਿਆਨੀ ਫੂਲਾ ਸਿੰਘ ਨੇ ਮੁੱਖਵਾਕ ਲਿਆ ਅਤੇ ਹਜ਼ੂਰੀ ਰਾਗੀ ਭਾਈ ਭਗਵੰਤ ਸਿੰਘ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਪੰਚਮੀ ਦੇ ਦਿਹਾੜੇ ਮੌਕੇ ਤੜਕ ਸਵੇਰੇ ਕਵਾੜ ਖੁੱਲ੍ਹਣ ‘ਤੇ ਸੰਗਤਾਂ ਨੇ ਗੁਰੂ ਦਰਬਾਰ ਸਾਹਿਬ ਵਿਚ ਪੁੱਜ ਕੇ ਸੀਸ ਨਿਵਾਇਆ ਅਤੇ ਗੁਰਬਾਣੀ ਕੀਰਤਨ ਤੇ ਨਾਮ ਸਿਮਰਨ ਕੀਤਾ। ਸੰਗਤਾਂ ਨੇ ਗੁਰਦੁਆਰਾ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਵੀ ਕੀਤਾ।
ਇਸ ਦੌਰਾਨ ਹੀ ਦੀਵਾਨ ਹਾਲ ਵਿੱਚ ਭਾਈ ਗੁਰਜੀਤ ਸਿੰਘ ਮੰਡੇਰ, ਭਾਈ ਗੁਰਦਿਆਲ ਸਿੰਘ ਸਨੌਰ, ਭਾਈ ਲਖਵਿੰਦਰ ਸਿੰਘ ਪਾਰਸ, ਭਾਈ ਅਮਰਜੀਤ ਸਿੰਘ ਖਾਲਸਾ, ਭਾਈ ਹਰਪ੍ਰੀਤ ਸਿੰਘ ਮਸਤਾਨਾ, ਢਾਡੀ ਜੱਥਿਆਂ ‘ਚ ਭਾਈ ਗੁਰਪਿਆਰ ਸਿੰਘ ਜੌਹਰ ਤੇ ਭਾਈ ਬਲਦੇਵ ਸਿੰਘ ਲੌਂਗੋਵਾਲ ਦੇ ਰਾਗੀ ਢਾਡੀ ਜਥਿਆਂ ਰਾਹੀਂ ਸੰਗਤਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਇਤਿਹਾਸ ਨਾਲ ਸਾਂਝ ਪਾਈ।
ਇਸ ਮੌਕੇ ਹੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਦੇਸ਼ ਦੇ ਸੱਭਿਆਚਾਰ, ਕਦਰਾਂ ਕੀਮਤਾਂ ਨੂੰ ਬਚਾਉਣ ਦੇ ਨਾਲ ਹਿੰਦੂ ਕਸ਼ਮੀਰੀ ਪੰਡਤਾਂ ਦੀ ਪੁਕਾਰ ‘ਤੇ ਧਰਮ ਦੀ ਰਾਖੀ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਅਦੁੱਤੀ ਸ਼ਹਾਦਤ ਦਿੱਤੀ। ਜਿਸ ਕਾਰਨ ਅੱਜ ਸੰਸਾਰ ਪੱਧਰ ‘ਤੇ ਗੁਰੂ ਸਾਹਿਬ ਨੂੰ ਹਿੰਦ ਦੀ ਚਾਦਰ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਪਹਿਲਾਂ ਭਾਈ ਸਤੀ ਦਾਸ, ਭਾਈ ਮਤੀ ਦਾਸ, ਭਾਈ ਦਿਆਲਾ ਜੀ ਨੂੰ ਇਸ ਕਰਕੇ ਸ਼ਹੀਦ ਕੀਤਾ ਗਿਆ ਕਿ ਗੁਰੂ ਸਾਹਿਬ ਈਨ ਮੰਨ ਲੈਣ, ਪ੍ਰੰਤੂ ਗੁਰੂ ਸਾਹਿਬ ਨੇ ਅਡੋਲ ਰਹਿੰਦਿਆਂ ਸ਼ਹਾਦਤ ਦੇ ਕੇ ਸਮੁੱਚੀ ਮਾਨਵਤਾ ਨੂੰ ਪ੍ਰਮਾਤਮਾ ਦੇ ਭਾਣੇ ‘ਚ ਰਹਿਣ ਲਈ ਪ੍ਰੇਰਿਆ।
ਇਸ ਮੌਕੇ ਐਡੀਸ਼ਨਲ ਮੈਨੇਜਰ ਕਰਨੈਲ ਵਿਰਕ, ਮੀਤ ਮੈਨੇਜਰ ਇੰਦਰਜੀਤ ਗਿੱਲ ਤੇ ਗੁਰਮੀਤ ਸੁਨਾਮ, ਜੋਗਿੰਦਰ ਪੰਛੀ ਤੇ ਸਾਬਕਾ ਮੈਨੇਜਰ ਸੁਖਵਿੰਦਰ ਸਿੰਘ ਹਾਜ਼ਰ ਸਨ। ਗੁਰਦੁਆਰੇ ਦੇ ਦੀਵਾਨ ਹਾਲ ਵਿੱਚ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਕਵੀ ਦਰਬਾਰ ਵੀ ਕਰਵਾਇਆ ਗਿਆ।
33 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ
ਪਟਿਆਲਾ: ਪੰਚਮੀ ਅਤੇ ਸ਼ਹੀਦੀ ਜੋੜ ਮੇਲ ਦੇ ਪਵਿੱਤਰ ਦਿਹਾੜੇ ‘ਤੇ 33 ਪ੍ਰਾਣੀਆਂ ਨੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿੱਚ ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕਰਨ ਵਾਲਿਆਂ ‘ਚ ਨੌਜਵਾਨ, ਮਹਿਲਾਵਾਂ ਅਤੇ ਬਜ਼ੁਰਗ ਸ਼ਾਮਲ ਸਨ। ਪ੍ਰਬੰਧਕਾਂ ਵੱਲੋਂ ਅੰਮਿ੍ਰਤ ਛਕਣ ਵਾਲਿਆਂ ਨੂੰ ਕਕਾਰ ਵੀ ਦਿੱਤੇ ਗਏ।
ਰਾਗੀ ਜਥਿਆਂ ਨੇ ਗੁਰੂ ਤੇਗ ਬਹਾਦਰ ਦੇ ਜੀਵਨ ਬਾਰੇ ਚਾਨਣਾ ਪਾਇਆ
ਸੰਗਰੂਰ (ਗੁਰਦੀਪ ਸਿੰਘ ਲਾਲੀ): ਗੁਰੂ ਤੇਗ ਬਹਾਦਰ ਦਾ ਸ਼ਹੀਦੀ ਪੁਰਬ ਸਥਾਨਕ ਗੁਰਦੁਆਰਾ ਸਾਹਿਬ ਮਹਿਲ ਮੁਬਾਰਕ ਵਿੱਚ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸ਼ਹੀਦੀ ਪੁਰਬ ਨੂੰ ਸਮਰਪਿਤ 1 ਨਵੰਬਰ ਤੋਂ ਸਹਿਜ ਪਾਠ ਸਾਹਿਬ ਦੀ ਚੱਲ ਰਹੀ ਲੜੀ ਅਤੇ ਅਖੰਡ ਪਾਠ ਦੇ ਭੋਗ ਪਾਏ ਗਏ। ਭੋਗ ਮੌਕੇ ਕੀਰਤਨੀਏ ਭਾਈ ਬਖਸ਼ੀਸ ਸਿੰਘ ਬਖ਼ਸੀ ਰਾਗੀ ਜਥਾ ਜਵੱਦੀ ਟਕਸਾਲ, ਭਾਈ ਅਰਸ਼ਦੀਪ ਸਿੰਘ ਜੀ ਖਾਲਸਾ ਲੁਧਿਆਣਾ ਵਾਲੇ, ਬਾਬਾ ਮਨਜੀਤ ਸਿੰਘ ਖਾਲਸਾ, ਭਾਈ ਬਲਜੀਤ ਸਿੰਘ ਹਜੂਰੀ ਰਾਗੀ ਜਥਾ ਗੁਰਦੁਆਰਾ ਆਦਿ ਰਾਗੀ ਜਥਿਆਂ ਵੱਲੋਂ ਕਥਾ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਗੁਰੂ ਤੇਗ ਬਹਾਦਰ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਉਨ੍ਹਾਂ ਵਲੋਂ ਦਰਸਾਏ ਮਾਰਗ ‘ਤੇ ਚੱਲਣ ਲਈ ਪ੍ਰੇਰਿਤ ਕੀਤਾ। ਅਨੇਕਾਂ ਨਾਮਵਰ ਕਵੀਸ਼ਰਾਂ ਨੇ ਗੁਰੂ ਤੇਗ ਬਹਾਦਰ ਦੀ ਲਾਸਾਨੀ ਕੁਰਬਾਨੀ ਦਾ ਜ਼ਿਕਰ ਕਰਦਿਆਂ ਆਪਣੀ ਹਾਜ਼ਰੀ ਲਵਾਈ। ਧਾਰਮਿਕ ਸਮਾਗਮਾਂ ਦੌਰਾਨ ਸਜਾਏ ਗਏ ਦੀਵਾਨਾਂ ਵਿਚ ਬਾਬਾ ਜਗਜੀਤ ਸਿੰਘ ਜੀ ਕਾਕਾ ਵੀਰ ਜੀ ਚੀਮਾ ਸਾਹਿਬ, ਜਥੇਦਾਰ ਮਲਕੀਤ ਸਿੰਘ ਚੰਗਾਲ ਮੈਂਬਰ ਸ਼੍ਰੋਮਣੀ ਕਮੇਟੀ, ਡਾਕਟਰ ਪ੍ਰਤਾਪ ਸਿੰਘ ਧਾਲੀਵਾਲ , ਐਡਵੋਕੇਟ ਦਸਵੀਰ ਸਿੰਘ ਡਲੀ, ਡਾ. ਸਰਿੰਦਰ ਕੌਰ ਧਾਲੀਵਾਲ, ਅਮਰਜੀਤ ਸਿੰਘ ਟੀਟੂ, ਭਾਈ ਪਿਆਰਾ ਸਿੰਘ ਤੋਂ ਇਲਾਵਾ ਗੁਰਦੁਆਰਾ ਸੰਤਪੁਰਾ, ਗੁਰਦੁਆਰਾ ਹਰਗੋਬਿੰਦਪੁਰਾ, ਗੁਰਦੁਆਰਾ ਸ੍ਰੀ ਜੋਤੀ ਸਰੂਪ , ਗੁਰਦੁਆਰਾ ਬਾਬਾ ਦੀਪ ਸਿੰਘ, ਗੁਰਦਵਾਰਾ ਭਾਈ ਸੰਗਤ ਸਿੰਘ ਜੀ, ਗੁਰਦੁਆਰਾ ਸਾਹਿਬ ਨਾਨਕ ਪੁਰਾ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਇਸਤਰੀ ਸਤਿਸੰਗ ਸਭਾ ਸ਼ਾਹੀ ਸਮਾਧਾਂ ਤੇ ਮਹਿਲ ਮੁਬਾਰਕ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਹਾਜ਼ਰੀਆਂ ਲਗਵਾਈਆਂ ਗਈਆਂ । ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭੁਪਿੰਦਰ ਸਿੰਘ ਪੂਨੀਆ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਪ੍ਰਮੁੱਖ ਅਹੁਦੇਦਾਰ ਕੇਹਰ ਸਿੰਘ, ਭੁਪਿੰਦਰ ਸਿੰਘ ਸੋਢੀ, ਨਛੱਤਰ ਸਿੰਘ, ਹਰਜਿੰਦਰ ਸਿੰਘ, ਜਗਰੂਪ ਸਿੰਘ, ਜਸਪਾਲ ਸਿੰਘ, ਕੁਲਵੰਤ ਸਿੰਘ ਕਲਕੱਤਾ ਮੌਜੂਦ ਸਨ। ਭੋਗ ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤਿਆ।